Fields Flooded After Ghaggar Breaches : ਸੰਗਰੂਰ : ਜ਼ਿਲ੍ਹੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ ਨੇੜਿਓਂ ਵਹਿੰਦੇ ਘੱਗਰ ਦਰਿਆ ਵਿੱਚ ਵੱਡਾ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ । ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ । ਜਿਸ ਤੋਂ ਬਾਅਦ ਵੀਰਵਾਰ ਸਵੇਰੇ ਪਿੰਡ ਫੂਲ ਨੇੜੇ ਦਰਿਆ ਵਿੱਚ ਵੱਡਾ ਪਾੜ ਪੈ ਗਿਆ ।
ਪਾੜ ਪੈਣ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਆਲੇ-ਦੁਆਲੇ ਦੇ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ । ਜਿਸ ਕਾਰਨ ਖੇਤਾਂ ਤੋਂ ਲੈ ਕੇ ਘਰਾਂ ਵਿੱਚ ਪਾਣੀ ਭਰ ਗਿਆ ਹੈ । ਇਸ ਵਿੱਚ ਲੋਕ ਆਪਣੇ ਪੱਧਰ ‘ਤੇ ਹੀ ਪਾੜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਠੀਕ ਨਹੀਂ ਹੋ ਰਿਹਾ । ਪਾੜ ਪੈਣ ਤੋਂ ਕਾਫੀ ਸਮੇਂ ਬਾਅਦ ਪ੍ਰਸ਼ਾਸਨ ਵੀ ਸਾਜ਼ੋ-ਸਮਾਨ ਲੈ ਕੇ ਮੌਕੇ ‘ਤੇ ਪਹੁੰਚ ਗਿਆ ਹੈ ।
ਇਸ ਮਾਮਲੇ ਵਿੱਚ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਘੱਗਰ ਦਰਿਆ ਦਾ ਕੋਈ ਪੱਕਾ ਹੱਲ ਕਰੇ । ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਮੀਂਹਾਂ ਦੇ ਮੌਸਮ ਵਿੱਚ ਘੱਗਰ ਦਰਿਆ ਦਾ ਪਾਣੀ ਇਸੇ ਤਰ੍ਹਾਂ ਹੀ ਤਬਾਹੀ ਮਚਾਉਂਦਾ ਹੈ । ਜਿਸ ਕਾਰਨ ਹਰ ਸਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਜਾਂਦੀ ਹੈ । ਕਿਸਾਨਾਂ ਨੇ ਆਪਣੀਆਂ ਫ਼ਸਲਾਂ ਖਰਾਬ ਹੋ ਜਾਣ ਕਾਰਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ।