ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਸਰਕਾਰੀ ਕਾਲਜ ਲੜਕੀਆ ਜਲਾਲਾਬਾਦ ਵਿਖੇ ਬਾਲ ਦਿਵਸ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

Sorry, this news is not available in your requested language. Please see here.

— ਸਰਕਾਰੀ ਕਾਲਜ ਲੜਕੀਆ ਜਲਾਲਾਬਾਦ ਵਿਖੇ ਲਗਭਗ 98 ਲੱਖ ਦੀ ਲਾਗਤ ਨਾਲ ਬਣੇ ਮਲਟੀਪਰਪਜ਼ ਹਾਲ ਦਾ ਕੀਤਾ ਉਦਘਾਟਨ
— ਪੁਰਾਤਨ ਵਿਰਸੇ ਤੇ ਝਾਂਤ ਪਾਉਂਦੀਆਂ ਪ੍ਰਦਰਸ਼ਨੀਆਂ ਬਣੀਆਂ ਖਿੱਚ ਦਾ ਕੇਂਦਰ
— ਗਿੱਧਾ, ਸਕਿੱਟ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹਿਆ

ਜਲਾਲਾਬਾਦ / ਫਾਜਿਲਕਾ  14 ਨਵੰਬਰ:

 ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਕਾਲਜ ਲੜਕੀਆ ਜਲਾਲਾਬਾਦ ਵਿਖੇ ਬਾਲ ਦਿਵਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰੀ ਕਾਲਜ ਲੜਕੀਆ ਜਲਾਲਾਬਾਦ ਵਿਖੇ ਲਗਭਗ 98 ਲੱਖ ਦੀ ਲਾਗਤ ਨਾਲ ਬਣੇ ਮਲਟੀਪਰਪਜ਼ ਹਾਲ ਦਾ ਉਦਘਾਟਨ ਵੀ ਕੀਤਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪੇਸ਼ ਕੀਤੀਆਂ ਪੁਰਾਤਨ ਵਿਰਸੇ ਤੇ ਝਾਂਤ ਪਾਉਂਦੀਆਂ ਪ੍ਰਦਰਸ਼ਨੀਆਂ ਦਾ ਵੀ ਆਨੰਦ ਮਾਣਿਆ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੀ ਆਓ ਭਗਤ ਸਵਾਗਤਮ ਗੀਤ ਰਾਹੀਂ ਕੀਤੀ ਗਈ। ਇਸ ਮੌਕੇ ਰਿਟਾ. ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ ਸ੍ਰੀ. ਹਰਿੰਦਰ ਸਿੰਘ ਸਿੱਧੂ, ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ, ਸਟੇਟ ਕਮਿਸ਼ਨ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੰਵਰਦੀਪ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ, ਜੋਤੀ ਫਾਊਂਡੇਸ਼ਨ ਦੇ ਟਰੱਸਟੀ ਸ੍ਰੀ ਅਜੀਤ ਬਰਾੜ ਅਤੇ ਚੇਅਰਮੈਨ ਪ੍ਰਭ ਕਿਰਨ ਬਰਾੜ ਅਤੇ ਰਵੀ ਪੰਧੇਰ ਦੇ ਨਾਲ ਪੈਨਲ ਚਰਚਾ (ਸਿੱਧਾ ਸੰਵਾਦ) ਦਾ ਹਿੱਸਾ ਬਣੇ। ਪੈਨਲ ਚਰਚਾ ਦਾ ਵਿਸ਼ਾ ‘ਪੇਂਡੂ ਪੰਜਾਬ ਨੂੰ ਟਿਕਾਊ, ਲਚਕੀਲਾ ਅਤੇ ਜੀਵੰਤ ਬਣਾਉਣਾ’ ਦੇ ਮਹੱਤਵਪੂਰਨ ਮੁੱਦਿਆਂ ਨੂੰ ਛੂਹਣਾ ਸੀ।

ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਲਗਾਤਾਰ ਸਿਰਤੋੜ ਯਤਨ ਕਰ ਰਹੀ ਹੈ ਤੇ ਜਿਹੜੇ ਬੱਚੇ ਅੱਖਾਂ ਤੋਂ ਦੇਖ ਨਹੀਂ ਸਕਦੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਤਾਂ ਜੋ ਉਨ੍ਹਾਂ ਨੂੰ ਅੱਖਾਂ ਦੀ ਰੌਸ਼ਨੀ ਦਿਵਾ ਕੇ ਦੇਖਣ ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਲਗਾਤਾਰ ਪੰਜਾਬ ਸਰਕਾਰ ਯਤਨ ਕਰ ਰਹੀ ਹੈ ਇਸੇ ਤਹਿਤ ਹੀ ਵਜੀਫਾ ਸਕੀਮ ਚਲਾਈ ਜਾ ਰਹੀ ਹੈ। ਉਨ੍ਹਾਂ ਜੋਤੀ ਫਾਊਂਡੇਸ਼ਨ ਵੱਲੋਂ ਚਿਲਡਰਨ ਡੇ ਮੌਕੇ ਵਿਜ਼ਨ ਪੰਜਾਬ ਤਹਿਤ ਸੁਨਹਿਰੇ ਭਵਿੱਖ ਲਈ ਸਪੱਸ਼ਟ ਦ੍ਰਿਸ਼ਟੀ ਦੇ ਥੀਮ ਤਹਿਤ ਉਲੀਕੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਇਹ ਸਮਾਜ ਸੇਵੀ ਸੰਸਥਾ ਲਗਾਤਾਰ ਇਨ੍ਹਾਂ ਦ੍ਰਿਸ਼ਟੀਹੀਣ ਬੱਚਿਆਂ ਨੂੰ ਦੇਖਣ ਯੋਗ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਇਹ ਕਾਰਜ ਨੇਕ ਤੇ ਸਮਾਜ ਭਲਾਈ ਵਾਲਾ ਹੈ ਤੇ ਹੋਰਨਾਂ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀਆਂ 160 ਬੱਚੀਆਂ ਨੂੰ ਜੋਤੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਐਨਕਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਬੋਲਦਿਆਂ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਨਾਲ ਨਾਲ ਇੱਥੇ ਦੇ ਲੋਕਾਂ ਦੀ ਸਿਹਤ ਤੇ ਨੌਜਵਾਨਾਂ ਦੀ ਪੜਾਈ ਪ੍ਰਤੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਤੇ ਇਸੇ ਤਹਿਤ ਹੀ ਇੱਥੋਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਬਾਹਰ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਚਿਲਡਰਨ ਡੇ ਮੌਕੇ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਾਡੇ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਟੈਸਟਿੰਗ ਦੌਰਾਨ ਲਗਭਗ 3400 ਜਲਾਲਾਬਾਦ ਦੇ ਬੱਚੇ ਅਜਿਹੇ ਪਾਏ ਗਏ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੈ। ਰੌਸ਼ਨੀ ਘੱਟ ਹੋਣ ਕਾਰਨ ਇਨ੍ਹਾਂ ਬੱਚਿਆਂ ਨੂੰ ਪੜਨ ਤੇ ਲਿਖਣ ਵਿੱਚ ਕਾਫੀ ਮੁਸਕਲ ਹੁੰਦੀ ਹੈ ਤੇ ਮਾਪੇ ਵੀ ਇਸ ਤੋਂ ਜਾਣੂੰ ਨਹੀਂ ਹੁੰਦੇ ਜਿਸ ਨੂੰ ਮੱਦੇਨਜ਼ਰ ਰੱਖਦੇ ਇਹ ਟੈਸਟਿੰਗ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਾਡੀ ਜਿੰਦਗੀ ਵਿੱਚ ਅਹਿਮ ਰੋਲ ਹੈ ਤੇ ਇਨ੍ਹਾਂ ਸਦਕਾਂ ਹੀ ਅੱਜ ਅਸੀਂ ਇਨ੍ਹਾਂ ਮੁਕਾਮਾਂ ਤੇ ਪਹੁੰਚੇ ਹਾਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ.ਸੁਖਵੀਰ ਬੱਲ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਦੌਲਤ ਰਾਮ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਪ੍ਰਿੰਸੀਪਲ ਅਮਿਤ ਗਗਨੇਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਚੁੱਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਦੇ ਪ੍ਰਿੰਸੀਪਲ ਗੌਤਮ ਖੁਰਾਣਾ, ਸਿਵਲ ਸਰਜਨ ਡਾ. ਕਵਿਤਾ ਸਿੰਘ, ਐਸ.ਐਮ.ਓ ਫਾਜਿਲਕਾ ਡਾ ਐਰਿਕ ਐਡੀਸਨ, ਐਸ.ਐਮ.ਓ ਜਲਾਲਾਬਾਦ ਸੁਮਿਤ ਲੂਨਾ, ਮਾਰਕਿਟ ਕਮੇਟੀ ਚੇਅਰਮੈਨ ਦੇਵ ਰਾਜ ਸਰਮਾ, ਟਰੱਕ ਯੂਨੀਅਨ ਪ੍ਰਧਾਨ ਅੰਕੁਸ਼ ਮੁਟਨੇਜਾ, ਖੜਕ ਸਿੰਘ ਓਐਸਡੀ, ਸੁਖਵਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬੱਬੂ ਡੋਡਾ ਵਪਾਰ ਮੰਡਲ ਪ੍ਰਧਾਨ ਜਲਾਲਾਬਾਦ, ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ, ਸਾਜਨ ਖੇੜਾ ਜੋਨ ਇੰਚਾਰਜ ਅਰਨੀਵਾਲਾ ਸਮੇਤ ਸਕੂਲ ਦਾ ਸਟਾਫ ਅਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ।

Spread the love