— ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੱਤਰਕਾਰਾਂ ਨੂੰ ਸਮਾਜ ਦੇ ਅਣਗੋਲੇ ਵਰਗ ਲਈ ਕੰਮ ਕਰਨ ਦਾ ਦਿੱਤਾ ਸੱਦਾ
ਫਿਰੋਜ਼ਪੁਰ 16 ਨਵੰਬਰ:
ਰਾਸ਼ਟਰੀ ਪ੍ਰੈਸ ਦਿਵਸ ਦੇ ਸਬੰਧ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ ਵੱਖ ਪ੍ਰੈਸ ਕਲੱਬਾਂ, ਐਸੋਸੀਏਸ਼ਨਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਵੱਖ ਵੱਖ ਥਾਵਾਂ ਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਅਤੇ ਲੋਕਤੰਤਰ ਦੇ ਚੋਥੇ ਥੰਮ ਪ੍ਰੈਸ/ਮੀਡੀਆ ਨੂੰ ਭੈ-ਮੁਕਤ ਹੋ ਕੇ ਨਿਰਪੱਖ ਪੱਤਰਕਾਰੀ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਅਵਸਰ ਤੇ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਰਾਸ਼ਟਰੀ ਪ੍ਰੈਸ ਦਿਵਸ ਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੱਤੀ।ਵਿਧਾਇਕਾਂ ਨੇ ਕਿਹਾ ਕਿ 16 ਨਵੰਬਰ 1966 ਤੋਂ ਇਹ ਦਿਨ ਰਾਸ਼ਟਰੀ ਪ੍ਰੈਸ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੋ ਕਿ ਸਾਡੇ ਦੇਸ਼ ਵਿਚ ਸੁਤੰਤਰ ਤੇ ਜਿੰਮੇਵਾਰ ਪ੍ਰੈਸ ਦੀ ਮੌਜੂਦਗੀ ਦਾ ਸੰਕੇਤ ਦਿੰਦਾ ਹੈ ਅਤੇ ਪ੍ਰੈਸ ਦੀ ਆਜ਼ਾਦੀ ਅਤੇ ਜਿੰਮੇਵਾਰੀ ਵੱਲ ਸਾਡਾ ਧਿਆਨ ਕੇਂਦਰਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰੈਸ ਦਿਵਸ ਦਾ ਮਕਸਦ ਪੱਤਰਕਾਰਾਂ ਨੂੰ ਸ਼ਸ਼ਕਤੀਕਰਨ ਦੇ ਉਦੇਸ਼ ਨਾਲ ਆਪਣੇ ਆਪ ਨੂੰ ਮੁੜ ਸਰਗਰਮ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜ਼ੋਕੇ ਸਮੇਂ ਵਿਚ ਪੱਤਰਕਾਰੀ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਪੱਤਰਕਾਰੀ ਲੋਕਾਂ ਨੂੰ ਹਰ ਤਰ੍ਹਾਂ ਦੀ ਭਰਪੂਰ ਜਾਣਕਾਰੀ ਤੋਂ ਇਲਾਵਾ ਵਿੱਦਿਅਕ, ਮਨੋਰੰਜਕ ਸੰਦੇਸ਼ ਪਹੁੰਚਾਉਣ ਦੀ ਕਲਾ ਅਤੇ ਢੰਗ ਹੈ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਅੱਜ ਦੇ ਦਿਨ ਤੋਂ ਹੋਰ ਪ੍ਰੇਰਣਾ ਲੈ ਕੇ ਸਮਾਜ ਦੇ ਅਣਗੋਲੇ ਲੋਕਾਂ ਲਈ ਹੋਰ ਵੱਧ ਸ਼ਿਦਤ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਰਾਸ਼ਟਰੀ ਪ੍ਰੈਸ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਵੀ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੈਸ ਅਤੇ ਪ੍ਰਸ਼ਾਸਨ ਦਾ ਨੁੰਹ ਮਾਸ ਦਾ ਰਿਸ਼ਤਾ ਹੈ ਅਤੇ ਦੋਵੇਂ ਧਿਰਾਂ ਦੇ ਮਿਲਵਰਤਣ ਨਾਲ ਲੋਕ ਭਲਾਈ ਸਕੀਮਾਂ, ਵਿਕਾਸ ਕਾਰਜਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਹੋਰ ਮਿਹਨਤ ਨਾਲ ਕੰਮ ਕਰੀਏ।