ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਸ਼ਹਿਰ ਦੇ ਵਿਦਿਆਰਥੀਆਂ ਲਈ ਟਰਾਂਸਪੋਰਟ ਦੀ ਸੁਵਿਧਾ ਸ਼ੁਰੂ – ਭੁੱਲਰ

Sorry, this news is not available in your requested language. Please see here.

  • ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਰੀ ਝੰਡੀ ਦਿਖਾ ਕੇ ਬੱਸ ਕੀਤੀ ਰਵਾਨਾ
  • ਸਰਕਾਰੀ ਸਕੂਲਾਂ ਤੇ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦਾ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ

ਫਿਰੋਜ਼ਪੁਰ 15 ਨਵੰਬਰ:

ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਅਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਾਹੀ ਅਤੇ ਇਸ ਲੜੀ ਤਹਿਤ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਅਤੇ ਵਾਪਿਸ ਘਰ ਤੱਕ  ਛੱਡਣ ਲਈ  ਅੱਜ ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਸ਼ਹਿਰ ਵਿਖੇ ਟਰਾਂਸਪੋਰਟ ਦੀ ਸੁਵਿਧਾ ਸ਼ੁਰੂ ਕੀਤੀ ਗਈ। ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਅੱਜ ਪਹਿਲੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦਾ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਅੱਜ ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਸ਼ਹਿਰ ਦੇ ਵਿਦਿਆਰਥੀਆਂ ਨੂੰ ਘਰ ਤੋਂ ਲਿਆਉਣ ਅਤੇ ਲਿਜਾਣ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਬਸ ਸਰਵਿਸ ਦੇ ਸ਼ੁਰੂ ਹੋਣ ਨਾਲ ਦੂਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਉਹ ਸੁਰੱਖਿਅਤ ਆਪਣੇ ਘਰ ਤੋਂ ਸਕੂਲ ਆ ਜਾ ਸਕਣਗੇ। ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਨਵੀਆਂ ਵਰਦੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਵਿੱਚ ਸਕਿਊਰਟੀ ਗਾਰਡ ਵੀ ਤਾਇਨਾਤ ਕੀਤੇ ਗਏ ਹਨ।

ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਸ੍ਰੀ ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿੱਚ ਬਿਲਡਿੰਗ ਦੇ ਨਵੀਨੀਕਰਨ ਦਾ ਕੰਮ ਜਾਰੀ ਹੈ ਜਿਸ ਤਹਿਤ ਸਾਰੇ ਕਮਰਿਆਂ ਵਿੱਚ ਵੈਟਰੀਫਾਈਡ ਟਾਇਲਾਂ, ਵਰਾਂਡਿਆਂ ਵਿੱਚ ਮਾਰਬਲ ਫਰਸ਼ ਲਗਾਇਆ ਜਾ ਰਿਹਾ ਹੈ। ਸਾਰੇ ਕਮਰਿਆਂ ਵਿੱਚ ਬਿਜਲੀ ਦੀ ਨਵੀਂ ਫਿਟਿੰਗ ਕੀਤੀ ਜਾ ਰਹੀ ਹੈ। ਸਕੂਲ ਵਿੱਚ ਨਵਾਂ ਸੀਵਰੇਜ ਸਿਸਟਮ ਤੇ ਵਾਟਰ ਸਪਲਾਈ ਲਾਈਨ ਪਾਈ ਜਾ ਰਹੀ ਹੈ। ਸਕੂਲ ਦੇ ਵੱਡੇ ਕੈਂਪਸ ਦੀ ਸਫਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਵਿੱਚ ਤਿੰਨ ਸਵੀਪਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਵੀ ਸੁਰੂ ਕਰਵਾਈ ਜਾਵੇਗੀ ਤਾਂ ਜੋ ਇਹ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ। ਇਸ ਉਪਰੰਤ ਵਿਧਾਇਕ ਵੱਲੋਂ ਸਕੂਲ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਗਈ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬ ਸਰਕਾਰ ਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਲਲਿਤ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸ੍ਰੀ ਰਾਜ ਬਹਾਦੁਰ ਸਿੰਘ, ਪ੍ਰਕਾਸ਼ ਸਿੰਘ ਹਜ਼ਾਰਾ, ਮਨਪ੍ਰੀਤ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ ਬਲਰਾਜ ਸਿੰਘ, ਮਲਕੀਤ ਸਿੰਘ, ਮਨਜੀਤ ਭੱਲਾ, ਸੀਮਾ ਗਰਗ ਅਤੇ ਪ੍ਰਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Spread the love