ਸੁਖਬੀਰ, ਹਰਸਿਮਰਤ ਤੇ ਮਜੀਠੀਆ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਬੰਧੀ ਆਪਣੇ ਗੁੰਮਰਾਹਕੁੰਨ ਬਿਆਨਬਾਜ਼ੀ ਲਈ ਮੁਆਫ਼ੀ ਮੰਗਣ- ਬਲਬੀਰ ਸਿੱਧੂ

Sorry, this news is not available in your requested language. Please see here.

• ‘ਧਾਰਮਿਕ ਸ਼ਖ਼ਸੀਅਤਾਂ ਨੂੰ ਇਸ ਅਤੀ ਨਾਜ਼ਕ ਮਾਮਲੇ ਵਿਚ ਦਖ਼ਲਅੰਦਾਜ਼ੀ ਨਾ ਕਰਨ ਦੀ ਅਪੀਲ’
• ਸ਼ਰਧਾਲੂਆਂ ਕਾਰਨ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਜਾਣ ਤੋਂ ਘਬਰਾਉਣ ਦੀ ਲੋੜ ਨਹੀਂ, ਸਾਰੇ ਮਰੀਜ਼ਾਂ ਨੂੰ ਸਿਹਤਯਾਬ ਕੀਤਾ ਜਾਵੇਗਾ
ਚੰਡੀਗੜ, 3 ਮਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ਲਗਭਗ 20-25 ਸੇਵਾਦਾਰਾਂ ਦੇ ਕਰੋਨਾ ਰੋਗੀ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਉਹਨਾਂ ਸਾਰੇ ਸਿਆਸੀ ਆਗੂਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਨਾਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਕਰੋਨਾ ਰੋਗੀ ਹੋਣ ਪਿੱਛੇ ਕਿਸੇ ਸਾਜ਼ਿਸ਼ ਹੋਣ ਦਾ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਕੇ ਕਰੋਨਾ ਵਿਰੁੱਧ ਜੰਗ ਲੜ ਰਹੇ ਸਿਹਤ ਕਰਮੀਆਂ ਦਾ ਹੌਸਲਾ ਤੋੜਣ ਦਾ ਗੁਨਾਹ ਕਰਦੇ ਆ ਰਹੇ ਹਨ।
ਸ. ਸਿੱਧੂ ਨੇ ਕਿਹਾ ਹੈ ਕਿ ਨਾਦੇੜ ਦੇ ਗੁਰਦੁਆਰਾ ਲੰਗਰ ਸਾਹਿਬ ਦੇ ਹੁਣ ਤੱਕ ਆਏ ਨਤੀਜਿਆਂ ਉਪਰੰਤ ਸੇਵਾਦਾਰਾਂ ਦੇ ਕਰੋਨਾ ਰੋਗੀ ਹੋਣ ਦੀ ਪੁਸ਼ਟੀ ਹੋਣ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਸ਼ਰਧਾਲੂ ਪੰਜਾਬ ਆਉਣ ਤੋਂ ਪਹਿਲਾਂ ਹੀ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਸਨ ਜਦਕਿ ਵੱਡੀ ਗਿਣਤੀ ਵਿਚ ਨਤੀਜਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ•ਾਂ ਕਿਹਾ ਕਿ ਧਾਰਮਿਕ  ਸ਼ਖਸੀਅਤਾਂ ਵਲੋਂ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਨਾਦੇੜ ਵਿਖੇ ਰਹਿ ਰਹੇ ਸ਼ਰਧਾਲੂਆਂ ਦੇ ਟੈਸਟ ਕੀਤੇ ਗਏ ਸੀ ਪਰ ਪੰਜਾਬ ਸਰਕਾਰ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਹੁਣ ਤੱਕ ਕਿਸੇ ਕਿਸਮ ਦੀ ਟੈਸਟ ਰਿਪੋਰਟ ਪ੍ਰਾਪਤ ਨਹੀਂ ਹੋਈ
ਸਿਹਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਾਸ ਕਰ ਕੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਨਾਂ ਜਾਂਚ-ਪੜਤਾਲ ਤੋਂ ਇਸ ਬਹੁਤ ਹੀ ਸੰਵੇਦਨਸ਼ੀਲ ਮਾਮਲੇ ਉੱਤੇ ਬਹੁਤ ਹੀ ਸੌੜੀ ਸਿਆਸਤ ਕਰਦਿਆਂ ਹਲਕੇ ਪੱਧਰ ਦੀ ਬਿਆਨਬਾਜ਼ੀ ਕੀਤੀ। ਇਹਨਾਂ ਆਗੂਆਂ ਵਲੋਂ ਇਸ ਮਾਮਲੇ ਨੂੰ ਬਿਨਾਂ ਵਜਾਂ ਤੂਲ ਦੇ ਕੇ ਇਹ ਪ੍ਰਚਾਰਿਆ ਗਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਨਾਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਨੂੰ ਇੱਕ ਸਾਜ਼ਿਸ਼ ਤਹਿਤ ਕਰੋਨਾ ਮਰੀਜ਼ ਐਲਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਆਗੂ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰ ਕੇ ਨਾ ਸਿਰਫ਼ ਕਰੋਨਾ ਖ਼ਿਲਾਫ਼ ਜੀਅ ਜਾਨ ਲਾ ਕੇ ਲੜ ਰਹੇ ਸਿਹਤ ਕਰਮੀਆਂ ਉੱਤੇ ਸ਼ੱਕ ਕਰ ਕੇ ਉਹਨਾਂ ਦਾ ਹੌਸਲਾ ਹੀ ਨਹੀਂ ਤੋੜ ਰਹੇ ਬਲਕਿ ਅਤੀ ਨਾਜ਼ੁਕ ਮਾਮਲੇ ਉੱਤੇ ਝੂਠੀ ਬਿਆਨਬਾਜ਼ੀ ਅਤੇ ਇਲਜ਼ਾਮਤਰਾਸ਼ੀ ਕਰ ਕੇ ਮੁਜਰਮਾਨਾ ਹਰਕਤ ਵੀ ਕਰ ਰਹੇ ਹਨ।
ਸਿਹਤ ਮੰਤਰੀ ਨੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕਰੋਨਾ ਪੀੜਤ ਐਲਾਨ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਣ ਦੀਆਂ ਬੇਸਿਰ ਪੈਰ ਗੱਲਾਂ ਕਰਨ ਵਾਲੇ ਅਕਾਲੀ ਆਗੂਆਂ ਪੁੱਛਿਆ ਕਿ ਕੋਟਾ ਤੋਂ ਪਰਤੇ ਵਿਦਿਆਰਥੀਆਂ, ਜੈਸਲਮੇਰ ਤੋਂ ਵਾਪਸ ਆਏ ਮਜ਼ਦੂਰਾਂ ਅਤੇ ਬਾਹਰਲੇ ਰਾਜਾਂ ਤੋਂ ਆਏ ਕਈ ਕੰਬਾਈਨ ਅਪ੍ਰੇਟਰਾਂ ਦੇ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਪਿੱਛੇ ਕਿਹੜੀ ਸਾਜ਼ਿਸ਼ ਹੈ?
ਸ. ਸਿੱਧੂ ਨੇ ਕਿਹਾ ਕਿ ਪੰਜਾਬੀਆਂ ਨੂੰ ਨਾਦੇੜ ਤੋਂ ਪਰਤੇ ਸ਼ਰਧਾਲੂਆਂ ਕਾਰਨ ਸੂਬੇ ਵਿਚ  ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਜਾਣ ਤੋਂ ਘਬਰਾਉਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਇਹਨਾਂ ਸ਼ਰਧਾਲੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਸਾਰਿਆਂ ਨੂੰ ਪੂਰੀ ਤਰਾਂ ਸਿਹਤਯਾਬ ਹੋਣ ਤੋਂ ਬਾਅਦ ਹੀ ਘਰਾਂ ਵਿਚ ਭੇਜਿਆ ਜਾਵੇਗਾ। ਉਨ•ਾਂ ਕਿਹਾ ਕਿ ਅਸੀਂ ਪਹਿਲਾਂ ਵਿਦੇਸ਼ੀਆਂ ਤੇ ਫਿਰ ਤਬਲੀਗੀ ਜਮਾਤ ਦੇ ਮੁਲਲਿਮ ਭਾਈਚਾਰੇ ਨਾਲ ਵਿਗੜੀ ਸਥਿਤੀ ਨੂੰ ਕੁਸ਼ਲਤਾਪੂਰਵਕ ਸਾਂਭਣ ਵਿਚ ਕਾਮਯਾਬ ਹੋਏ ਹਾਂ ਤੇ ਇਸ ਵਾਰ ਵੀ ਪੰਜਾਬ ਸਰਕਾਰ ਇਸ ਵਿਗੜੀ ਸਥਿਤੀ ਨੂੰ ਕਾਬੂ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੇ ਹਿਮਾਇਤੀ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਭਾਈਵਾਲੀ ਕੇਂਦਰ ਦੀ ਮੋਦੀ ਸਰਕਾਰ ਉੱਤੇ ਦਬਾਅ ਪਾ ਕੇ ਕਣਕ ਦੇ ਖ਼ਰੀਦ ਮੁੱੱਲ਼ ਵਿਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਾਉਣ ਤਾਂ ਕਿ ਇਸ ਔਖ਼ੀ ਘੜੀ ਵਿਚ ਸੂਬੇ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।  ਉਹਨਾਂ ਕਿਹਾ  ਕਿਹਾ ਕਿ ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਆਪਣੇ ਹਿੱਸੇ ਦੇ ਟੈਕਸਾਂ ਦੀ ਬਕਾਇਆ ਰਹਿੰਦੀ ਰਕਮ ਜਾਰੀ ਕਰਾਉਣ ਦੇ ਨਾਲ ਨਾਲ ਪੰਜਾਬ ਨੂੰ ਕਰੋਨਾ ਵਿਰੁੱਧ ਲੜਾਈ ਲੜਣ ਲਈ ਲੋਂੜੀਦੀ ਆਰਥਿਕ ਮਦਦ ਦਿਵਾਉਣ ਲਈ ਵੀ ਕੇਂਦਰ ਸਰਕਾਰ ਉੱਤੇ ਦਬਾਅ ਪਾਉਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਜੇ ਅਕਾਲੀ ਆਗੂ ਇਸ ਅਤਿ ਨਾਜ਼ਕ ਮੌਕੇ ਜੇ ਉਹ ਕਰੋਨਾ ਵਿਰੁੱਧ ਲੜਾਈ ਲੜ ਰਹੀ ਪੰਜਾਬ ਸਰਕਾਰ ਨੂੰ ਸਹਿਯੋਗ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਸਰਕਾਰ ਦੇ ਕੰਮਾਂ ਵਿਚ ਰੋੜੇ ਨਾ ਅਟਕਾਉਣ।
ਸ. ਸਿੱਧੂ ਨੇ ਧਾਰਮਿਕ ਸ਼ਖ਼ਸੀਅਤਾਂ ਨੂੰ ਇਸ ਨਾਜ਼ੁਕ ਮਾਮਲੇ ਵਿਚ ਦਖ਼ਲਅੰਦਾਜ਼ੀ ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਖੁਦ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਹਨ, ਇਸ ਲਈ ਇਹ ਸੋਚਣਾ ਵੀ ਗਲਤ ਹੈ ਕਿ ਉਹਨਾਂ ਦੇ ਰਾਜ ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਕਈ ਧਾਰਮਿਕ ਸ਼ਖ਼ਸੀਅਤਾਂ ਵਲੋਂ ਦਿੱਤੇ ਗਏ ਬਿਆਨਾਂ ਨਾਲ ਉਹਨਾਂ ਦੇ ਮਨ ਨੂੰ ਠੇਸ ਪੁੱਜਣ ਦੇ ਨਾਲ ਨਾਲ ਕਰੋਨਾ ਵਿਰੁੱਧ ਆਪਣਾ ਪਰਮ-ਧਰਮ ਸਮਝ ਕੇ ਲੜਾਈ ਲੜ ਰਹੇ ਹਜ਼ਾਰਾਂ ਡਾਕਟਰਾਂ, ਨਰਸਾਂ ਅਤੇ ਤਕਨੀਸ਼ਨਾਂ ਦਾ ਮਨ ਵੀ ਟੁੱਟਿਆ ਹੈ ਖਾਸ ਕਰ ਕੇ ਜਿਹੜੇ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਹਨ।
ਉਨ•ਾਂ ਮੀਡੀਆ ਅਤੇ ਸਾਰੀਆਂ ਰਾਜਨੀਤਕ ਧਿਰਾਂ ਦੇ ਆਗੂਆਂ  ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗੰਭੀਰ ਸਥਿਤੀ ਵਿਚ ਸਿਹਤ ਵਿਭਾਗ ਦੇ  ਡਾਕਟਰਾਂ, ਮੈਡੀਕਲ ਟੀਮਾ ਜੋ ਪਿੰਡਾਂ ਤੇ ਸ਼ਹਿਰਾਂ ਦੇ ਪ੍ਰਭਾਵਿਤ ਖੇਤਰਾਂ ਵਿਚ ਦਿਨ-ਰਾਤ ਸਕਰੀਨਿੰਗ ਕਰ ਰਹੀਆਂ ਹਨ ਅਤੇ ਕੋਰੋਨਾ ਦੇ ਮਰੀਜ਼ਾਂ ਤੋਂ ਇਲਾਵਾ ਏਕਾਂਤਵਾਸ ਕੀਤੇ ਗਏ ਸ਼ਰਧਾਲੂਆਂ ਨੂੰ ਇਲਾਜ ਸੇਵਾਵਾਂ ਮੁੱਹਈਆ ਕਰਵਾ ਰਹੇ ਮੁਲਾਜ਼ਮਾਂ ਦਾ ਆਤਮ-ਵਿਸ਼ਵਾਸ਼ ਬਣਾਈ ਰੱਖਣ ਲਈ ਹਾਂ-ਪੱਖੀ ਮਾਹੌਲ ਬਣਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਉਨ•ਾਂ ਕਿਹਾ ਕਿ ਕੋਰੋਨਾ ਵਿਰੁੱਧ ਇਹ ਲੜਾਈ ਸਿਰਫ ਸਾਂਝੇ ਤੌਰ ‘ਤੇ ਲੜ• ਕੇ ਹੀ ਜਿੱਤੀ ਜਾ ਸਕਦੀ ਹੈ ਜਿਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣ ਕਰੀਏ ਅਤੇ ਸਮਾਜਿਕ ਦੂਰੀ ਬਣਾਕੇ ਇਸ ਘਾਤਕ ਵਾਈਰਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕੀਏ।

Spread the love