— ਪਿੰਡ ਵਿੱਚ ਜਰਨੈਲ ਪੁਰੀ ਯਾਦਗਾਰੀ ਲਾਇਬਰੇਰੀ ਬਣਾਉਣ ਦਾ ਸੁਝਾਅ
ਲੁਧਿਆਣਾਃ 17 ਨਵੰਬਰ
ਸਾਹਿਤ ਸਰਵਰ ਬਰਨਾਲਾ ਤੇ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ) ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵੇ ਦੇ ਸਮਰੱਥ ਤੇ ਮੋਢੀ ਕਹਾਣੀਕਾਰਾਂ ਵਿਚੋਂ ਪ੍ਰਮੁੱਖ ਜਰਨੈਲ ਪੁਰੀ ਦੀਆਂ ਕਹਾਣੀਆਂ ਦੀ ਸੰਪੂਰਨ ਰਚਨਾਵਲੀ ਵਾਲੀ ਵੱਡ ਆਕਾਰੀ ਪੁਸਤਕ ‘ ਜਰਨੈਲ ਪੁਰੀ ਦੀਆਂ ਸਾਰੀਆਂ ਕਹਾਣੀਆਂ ‘ ਜਰਨੈਲ ਪੁਰੀ ਦੇ ਜੱਦੀ ਪਿੰਡ ਸ਼ਹਿਬਾਜ਼ਪੁਰਾ (ਨੇੜੇ ਰਾਇਕੋਟ ) ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਸਿੰਘ ਗਿੱਲ,ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਜਗਮੇਲ ਸਿੰਘ ਸਿੱਧੂ, ਲਖਬੀਰ ਸਿੰਘ ਉੱਪਲ, ਰਘਬੀਰ ਸਿੰਘ, ਅਮਰਜੀਤ ਸਿੰਘ ਸ਼ਹਿਬਾਜ਼ਪੁਰਾ ਤੇ ਬਲਬੀਰ ਕੌਰ ਰਾਏਕੋਟੀ ਵੱਲੋਂ ਲੋਕ ਅਰਪਨ ਕੀਤੀ ਗਈ।
ਇਸ ਪੁਸਤਕ ਦੇ ਸੰਪਾਦਕ ਬੂਟਾ ਸਿੰਘ ਚੋਹਾਨ ਤੇ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਜਰਨੈਲ ਪੁਰੀ ਦੇ ਛੇ ਕਹਾਣੀ ਸੰਗ੍ਰਹਿ “ਕੱਤਣੀ,ਨੀਲ ਦੀ ਕੁੜੀ,ਦੋ ਕਬੂਤਰ,ਮਾਸ ਦਾ ਘਰ, ਘੁੱਗੀਆਂ ਵਾਲੇ ਅਤੇ ਮੈਂ,ਰਾਤ ਤੇ ਰਾਣੋ” ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਕਹਾਣੀਆਂ ਨੂੰ ਲੱਭਣ ਤੇ ਪ੍ਰਕਾਸ਼ਨ ਕ੍ਰਿਆ ਬਾਰੇ ਵੀ ਉਨ੍ਹਾਂ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਦੋ ਦਸੰਬਰ 1994 ਨੂੰ ਜਰਨੈਲ ਪੁਰੀ ਤਾਂ ਸਰੀਰਕ ਵਿਛੋੜਾ ਦੇ ਗਿਆ ਪਰ ਸਾਡੀਆਂ ਯਾਦਾਂ ਵਿੱਚ ਅੱਜ ਵੀ ਜਿਉਂਦਾ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਵਿੱਚ ਅਮਰੀਕਾ ਵੱਸਦੇ ਕਹਾਣੀਕਾਰ ਡਾਃ ਰਵੀ ਸ਼ੇਰਗਿੱਲ ਸਪੁੱਤਰ ਸਃ ਤੇਜਾ ਸਿੰਘ ਤਿਲਕ ਤੇ ਪਿੰਡ ਵਾਸੀ ਸਃ ਲਖਬੀਰ ਸਿੰਘ ਉੱਪਲ ਨੇ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ਇਸ ਪੁਸਤਕ ਨੂੰ ਆੱਟਮ ਆਰਟ ਪਟਿਆਲਾ ਵੱਲੋਂ ਪ੍ਰੀਤੀ ਸ਼ੈਲੀ ਨੇ ਬੜੀ ਰੀਝ ਨਾਲ ਛਾਪਿਆ ਹੈ।
ਪਿੰਡ ਦੇ ਉਤਸ਼ਾਹੀ ਨੌਜਵਾਨ ਕਿਸਾਨ ਤੇ ਸਾਹਿੱਤਕ ਕਦਰਦਾਨ ਲਖਵੀਰ ਸਿੰਘ ਉੱਪਲ ਨੇ ਦੱਸਿਆ ਕਿ ਇਸ ਪੁਸਤਕ ਨੂੰ ਪਿੰਡ ਵਿੱਚ ਲੋਕ ਅਰਪਨ ਕਰਨ ਦਾ ਮਨੋਰਥ ਪਿੰਡ ਵਾਸੀਆਂ ਨੂੰ ਸਾਹਿੱਤਕ ਚੇਟਕ ਲਾਉਣਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 16ਨਵੰਬਰ 2015 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਲਾਹੌਰ ਜੇਲ੍ਹ ਚ ਇਕੱਠੇ ਫਾਸੀ ਚੜ੍ਹੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸਾਥੀਆਂ ਦੀ ਸ਼ਹਾਦਤ ਦਿਹਾੜੇ ਪਿੰਡ ਸ਼ਹਿਬਾਜ਼ਪੁਰਾ ਵਾਸੀ ਲੇਖਕ ਜਰਨੈਲ ਪੁਰੀ ਦੀ ਸਮੁੱਚੀ ਰਚਨਾ ਦਾ ਲੋਕ ਅਰਪਨ ਹੋਣਾ ਬਹੁਤ ਤਸੱਲੀ ਦਾ ਆਧਾਰ ਹੈ। ਅੱਜ ਵਿਸ਼ਵ ਪਰੈੱਸ ਦਿਵਸ ਵੀ ਹੈ ਜਿਸ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਜੋੜ ਕੇ ਵੇਖਣਾ ਬਣਦਾ ਹੈ ਕਿਉਂਕਿ 1913 ਵਿੱਚ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੇ “ਗਦਰ” ਨਾਮਕ ਅਖ਼ਬਾਰ ਸਾਨਫਰਾਂਸਿਸਕੋ(ਅਮਰੀਕਾ) ਤੋਂ ਸ਼ੁਰੂ ਕੀਤਾ ਸੀ।
ਇਸ ਮੌਕੇ ਉਨ੍ਹਾਂ ਇਸ ਪੁਸਤਕ ਦੇ ਸੰਪਾਦਕ ਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਤੇ ਡਾਃ ਤੇਜਾ ਸਿੰਘ ਤਿਲਕ ਪ੍ਰਧਾਨ,ਪੰਜਾਬੀ ਸਾਹਿਤ ਸਭਾ ਬਰਨਾਲਾ ਨੂੰ ਮੁਬਾਰਕ ਦਿੱਤੀ, ਜਿੰਨ੍ਹਾਂ ਨੇ ਅਣਗੌਲੇ ਕਹਾਣੀਕਾਰ ਜਰਨੈਲ ਪੁਰੀ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਜੇ ਪਿੰਡ ਵਾਸੀ ਲਾਇਬਰੇਰੀ ਉਸਾਰਨ ਦੀ ਸਹਿਮਤੀ ਦੇਣਗੇ ਤਾਂ ਉਹ ਰਾਏਕੋਟ ਹਲਕੇ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਪ੍ਰੇਰਤ ਕਰਕੇ ਸਰਕਾਰੀ ਮਦਦ ਵੀ ਦਿਵਾਉਣ ਵਿੱਚ ਮਦਦ ਕਰਨਗੇ ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਵੀ ਜਰਨੈਲ ਪੁਰੀ ਦੇ ਪ੍ਰਸੰਗ ਵਿੱਚ ਬੋਲਦਿਆਂ ਕਿਹਾ ਕਿ ਪਿੰਡਾਂ ਅੰਦਰ ਸਾਹਿੱਤ ਪਸਾਰ ਬਹੁਤ ਜ਼ਰੂਰੀ ਹੈ ਤਾਂ ਜੋ ਨੌਜੁਆਨ ਪੀੜ੍ਹੀ ਦੇ ਮਨਾਂ ਵਿੱਚ ਨਵੇਂ ਸੁਪਨੇ ਬੀਜੇ ਜਾ ਸਕਣ। ਉਨ੍ਹਾਂ ਇਸ ਪਿੰਡ ਵਿੱਚ ਲਾਇਬਰੇਰੀ ਬਣਨ ਤੇ ਆਪਣੇ ਵੱਲੋਂ 100ਪੁਸਤਕਾਂ ਭੇਜਣ ਦਾ ਇਕਰਾਰ ਕੀਤਾ।
ਵਿਸ਼ਵ ਭਰ ਵਿੱਚ ਸਾਹਿੱਤ ਚੇਤਨਾ ਪਸਾਰਨ ਵਾਲੀ ਸੰਸਥਾ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ)ਦੇ ਪ੍ਰਧਾਨ ਡਾਃ ਦਲਬੀਰ ਸਿੰਘ ਕਥੂਰੀਆ ਵੱਲੋਂ ਪੁਸਤਕ ਦੇ ਸੰਪਾਦਕਾਂ ਬੂਟਾ ਸਿੰਘ ਚੌਹਾਨ ਤੇ ਤੈਜਾ ਸਿੰਘ ਤਿਲਕ ਤੇ ਹੋਰ ਹਾਜ਼ਰ ਲੇਖਕਾਂ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਇਸ ਸੰਸਥਾ ਦੀ ਭਾਰਤੀ ਇਕਾਈ ਦੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਵੀ ਸੰਬੋਧਨ ਕੀਤਾ ਤੇ ਪਿੰਡ ਵਿੱਚ ਲਾਇਬਰੇਰੀ ਬਣਨ ਦੀ ਸੂਰਤ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀਆਂ 50 ਕਾਪੀਆਂ ਖ਼ਰੀਦ ਕੇ ਦੇਸ਼ ਦੀਆਂ ਚੋਣਵੀਆਂ ਯੂਨੀਵਰਸਿਟੀਆਂ ਨੂੰ ਖੋਜ ਕਾਰਜ ਲਈ ਭੇਜੀਆਂ ਜਾਣਗੀਆਂ। ਪਿੰਡ ਵਾਸੀ ਸਃ ਅਮਰਜੀਤ ਸਿੰਘ ਸ਼ਹਿਬਾਜ਼ਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ,ਬੱਬਲਜੀਤ ਸਿੰਘ ਲੈਕਚਰਰ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮੂੰਮ ਤੇ ਡਾਃ ਭੁਪਿੰਦਰ ਸਿੰਘ ਬੇਦੀ ਬਰਨਾਲਾ ਨੇ ਵੀ ਸੰਬੋਧਿਤ ਕੀਤਾ।
ਇਸ ਮੌਕੇ ਰਘਬੀਰ ਸਿੰਘ ਗਿੱਲ ਕੱਟੂ ਦੀ ਲੋਕ ਬੋਲੀਆਂ ਭਰਪੂਰ ਪੁਸਤਕ “ਕੱਟੂ ਵਾਲਾ ਪਾਵੇ ਬੋਲੀਆਂ” ਤੇ ਜਸਮੇਲ ਸਿੰਘ ਸਿੱਧੂ ਦੀ ਖਲੀਲ ਜਿਬਰਾਨ ਦੀ ਪੁਸਤਕ ਦਾ ਪੰਜਾਬੀ ਅਨੁਵਾਦ “ਰੇਤ ਅਤੇ ਝੱਗ” ਦੋਹਾ ਲੇਖਕਾਂ ਨੇ ਪ੍ਰੋਃ ਗੁਰਭਜਨ ਸਿੰਘ ਗਿੱਲ ਅਤੇ ਡਾਃ ਗੁਰਇਕਬਾਲ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਸੋਹਣ ਸਿੰਘ, ਨਾਜਰ ਸਿੰਘ, ਗੀਤਕਾਰ ਰਾਜੂ ਸ਼ਹਿਬਾਜ਼ਪਰੀ ਯੂ ਐੱਸ ਏ, ਬਲਦੇਵ ਸਿੰਘ ਰਾਏ, ਪਰਦੀਪ ਸਿੰਘ ਉੱਪਲ, ਬਲਕਾਰ ਸਿੰਘ ਗੁਰਦਾਸਪੁਰੀ ਤੇ ਕਈ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।