ਮਿਸ਼ਨ ਫਰਨੀਚਰ ਨੇ ਸਰਕਾਰੀ ਸਕੂਲਾਂ ਦੇ ਕਲਾਸਰੂਮਜ਼ ਨੂੰ ਬਣਾਇਆ ਆਕਰਸ਼ਕ

ਫਰਨੀਚਰ ਨੂੰ ਰੰਗਦਾਰ ਅਤੇ ਮਿਆਰੀ ਬਣਾ ਕੇ ਸੰਪਤੀ ਦੀ ਸੰਭਾਲ ਵਿੱਚ ਯੋਗਦਾਨ
ਪੜ੍ਹਾਈ ਲਈ ਖੁਸ਼ਗਵਾਰ ਮਾਹੌਲ ਸਿਰਜਣ `ਚ ਕਾਮਯਾਬ ਰੰਗਦਾਰ ਫ਼ਰਨੀਚਰ
ਸੋਸ਼ਲ ਮੀਡੀਆ `ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਰੰਗਦਾਰ ਫ਼ਰਨੀਚਰ ਦੀਆਂ ਤਸਵੀਰਾਂ
ਤਰਨਤਾਰਨ 04 ਦਸੰਬਰ:
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਤਹਿਤ ਹੁਣ ਕਲਾਸਰੂਮਜ਼ ਦੇ ਫਰਨੀਚਰ ਨੂੰ ਆਕਰਸ਼ਕ ਬਣਾਉਣ ਲਈ ਮਿਸ਼ਨ ਫਰਨੀਚਰ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਝਲਕ ਸੋਸ਼ਲ਼ ਮੀਡੀਆ ਰਾਹੀਂ ਲਗਾਤਾਰ ਦਿਖਾਈ ਜਾ ਰਹੀ ਹੈ। ਸਮਾਰਟ ਸਕੂਲਾਂ ਦਾ ਫਰਨੀਚਰ ਵੀ ਰੰਗਦਾਰ ਅਤੇ ਸੋਹਣਾ ਬਣਾਉਣ ਲਈ ਅਧਿਆਪਕਾਂ ਦੁਆਰਾ `ਮਿਸ਼ਨ ਫ਼ਰਨੀਚਰ` ਨੂੰ ਵੱਡਾ ਹੁਲਾਰਾ ਦੇਣ ਦੇ ਯਤਨਾਂ ਨੂੰ ਵੀ ਬੂਰ ਪੈ ਰਿਹਾ ਹੈ।
ਰੋਜ਼ਾਨਾ ਸਕੱਤਰ ਸਕੂਲ ਸਿੱਖਿਆ ਵੱਲੋਂ ਰੰਗਦਾਰ ਫ਼ਰਨੀਚਰ ਦੀਆਂ ਤਸਵੀਰਾਂ ਵਾਲੇ ਪੋਸਟਰ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਜਾ ਰਹੇ ਹਨ ਜਿਸ ਵਿੱਚ ਫ਼ਰਨੀਚਰ ਦੀ ਪਹਿਲਾਂ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੁੰਦੀ ਹੈ ਜੋ ਕਿ ਮਿਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੁੰਦੀ ਹੈ। ਮਿਸ਼ਨ ਫਰਨੀਚਰ ਸਰਕਾਰੀ ਸਕੂਲਾਂ ਦੀ ਸੰਪਤੀ ਦੀ ਸੰਭਾਲ ਹੈ ਜਿਸ ਵਿੱਚ ਜਮਾਤ ਦੇ ਕਮਰਿਆਂ ਵਿੱਚ ਬੱਚਿਆਂ ਦੇ ਬੈਠਣ ਵਾਲੇ ਬੈਂਚ-ਡੈਸਕ ਹੋਣ ਜਾਂ ਅਧਿਆਪਕਾਂ ਦੁਆਰਾ ਵਰਤਿਆ ਜਾਣ ਵਾਲਾ ਕੁਰਸੀ-ਮੇਜ਼, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਹਨਾਂ ਨੂੰ ਬਹੁਤ ਹੀ ਘੱਟ ਖਰਚ ਨਾਲ ਸੋਹਣਾ ਬਣਾਉਣ ਲਈ ਕੀਤੇ ਜਾ ਰਹੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤਰਨਤਾਰਨ ਸਤਨਾਮ ਸਿੰਘ ਬਾਠ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ ਸੁਸ਼ੀਲ ਕੁਮਾਰ ਤੁਲੀ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਵਿਦਿਆਰਥੀ ਸਕੂਲ ਦੇ ਫ਼ਰਨੀਚਰ `ਤੇ ਬੈਠ ਕੇ ਪੜ੍ਹਦੇ ਹਨ ਅਤੇ ਸਫ਼ਲ ਹੁੰਦੇ ਹਨ ਤਾਂ ਸਾਲਾਂ ਬਾਅਦ ਉਹਨਾਂ ਨੂੰ ਆਪਣੇ ਬੈਂਚ, ਡੈਸਕ ਅਤੇ ਕਮਰੇ ਅੰਦਰ ਦੀਆਂ ਚੀਜਾਂ ਯਾਦ ਆਉਂਦੀਆਂ ਹਨ। ਇਹ ਫ਼ਰਨੀਚਰ ਸਮਾਂ ਪੈਣ `ਤੇ ਕੁਝ ਮੁਰੰਤ ਮੰਗਦਾ ਹੈ। ਫਰਨੀਚਰ ਨੂੰ ਰਿਪੇਅਰ ਅਤੇ ਰੰਗ ਕਰਵਾਉਣ `ਤੇ ਇਸਦੀ ਉਮਰ ਅਤੇ ਉਪਯੋਗਤਾ ਹੋਰ ਵੀ ਵਧ ਜਾਂਦੀ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਫ਼ਰਨੀਚਰ ਸਰਕਾਰੀ ਸੰਪਤੀ ਨੂੰ ਸੰਭਾਲਣ ਅਤੇ ਸੰਵਾਰਨ ਦਾ ਇੱਕ ਅਹਿਮ ਉਪਰਾਲਾ ਹੈ। ਸਮੂਹ ਸਿੱਖਿਆ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਤਨ-ਮਨ-ਧਨ ਨਾਲ ਆਪਣਾ ਯੋਗਦਾਨ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲ ਦੀ ਸੰਪਤੀ ਦੀ ਸੰਭਾਲ ਲਈ ਰਿਪੇਅਰ ਗ੍ਰਾਂਟ ਵੀ ਭੇਜੀ ਗਈ ਹੈ ਜਿਸ ਨੂੰ ਬਾਖੂਬੀ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਕੂਲ ਮੁਖੀ ਵਰਤੋਂ ਵਿੱਚ ਲਿਆ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਵਿੱਚ ਪੜ੍ਹ ਕੇ ਗਏ ਸਫ਼ਲ ਹੋਏ ਵਿਦਿਆਰਥੀ ਅਤੇ ਅਧਿਆਪਕ ਆਪਣੇ ਫਰਨੀਚਰ ਦੀ ਸੰਭਾਲ ਲਈ ਪੱਬਾਂ ਭਾਰ ਹਨ। ਜਿੱਥੇ ਮਨਮੋਹਕ ਰੰਗਾਂ ਨਾਲ ਸ਼ਿੰਗਾਰੇ ਬੈਂਚ ਅਤੇ ਰੰਗਦਾਰ ਫ਼ਰਨੀਚਰ ਜਮਾਤ ਵਿੱਚ ਪੜ੍ਹਾਈ ਲਈ ਸਾਕਾਰਾਤਮਕ ਅਤੇ ਖੁਸ਼ਗਵਾਰ ਮਾਹੌਲ ਬਣਾ ਦਿੰਦੇ ਹਨ ਉੱਥੇ ਬੱੱਚਿਆਂ ਨੂੰ ਸਿਖਾਉਣ ਲਈ ਇਸਨੂੰ ਸਿੱਖਣ ਸਿਖਾਉਣ ਸਮੱਗਰੀ ਵੱਜੋਂ ਅਧਿਆਪਕਾਂ ਵੱਲੋਂ ਰੰਗ ਅਤੇ ਆਕਾਰ ਬਾਰੇ ਸਿਖਾਉਣ ਲਈ ਇਸ ਫਰਨੀਚਰ ਨੂੰ ਬਾਖ਼ੂਬੀ ਵਰਤਿਆ ਜਾ ਰਿਹਾ ਹੈ।
Spread the love