ਸਿੱਖਿਆ ਸੁਧਾਰਾਂ ਬਦੌਲਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ
ਬਰਨਾਲਾ, 10 ਜੂਨ 2021
ਕੌਮੀ ਪੱਧਰ ’ਤੇ ਸਕੂਲ ਸਿੱਖਿਆ ਖੇਤਰ ਵਿਚ ਕੀਤੀ ਗਈ ਤਾਜ਼ਾ ਦਰਜਾਬੰਦੀ (ਪਰਫਾਰਮੈਂਸ ਗਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ’ਚੋਂ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਵਿਭਾਗੀ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਅਮਲੇ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਇਸ ਸਬੰਧੀ ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਸਿੱਖਿਆ ਖੇਤਰ ਵਿੱੱਚ ਹੋਰ ਸੁਧਾਰ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਸਾਡੇ ਵਿਦਿਆਰਥੀ ਕਿਸੇ ਗੱਲੋਂ ਪਿੱਛੇ ਨਾ ਰਹਿਣ।
ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਨੇ ਸਿੱਖਿਆ ਦੇ ਖੇਤਰ ਵਿਚ ਜਿੱਥੇ ਹੋਰ ਪੱਖਾਂ ਵਿਚ ਸੁਧਾਰ ਕੀਤਾ ਹੈ, ਉਥੇ ਟੀਚਰ ਟਰਾਂਸਫਰ ਪਾਲਿਸੀ ਪਾਰਦਰਸ਼ਤਾ ਨਾਲ ਲਾਗੂ ਕੀਤੀ ਗਈ ਹੈ, ਜੋ ਕਿ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੇ ਖੇਤਰ ਵਿਚ ਵੱਡੀ ਪੁਲਾਂਘ ਹੈ।
ਇਸ ਮੌਕੇ ਜ਼ਿਲਾ ਸਦਮ ਮੁਕਾਮ ਤੋਂ ਵੀਡੀਓ ਕਾਨਫਰੰਸ ਵਿਚ ਸ਼ਾਮਲ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਪੰਜਾਬ, ਦੇਸ਼ ਭਰ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰ ਲਈ ਉਲੀਕੇ ਗਏ ਪ੍ਰੋਗਰਾਮਾਂ ਅਤੇ ਅਧਿਆਪਕਾਂ ਦੇ ਸਿਰਤੋੜ ਯਤਨਾਂ ਸਦਕਾ ਸਿੱਖਿਆ ਪ੍ਰਣਾਲੀ ਬਿਹਤਰੀਨ ਹੋ ਕੇ ਉਭਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕਰੀਬ 10.47 ਫੀਸਦੀ ਦਾਖਲਾ ਵਧਿਆ ਹੈ ਅਤੇ ਸੈਕੰਡਰੀ ਸਕੂਲਾਂ ਵਿਚ ਕਰੀਬ 12.67 ਫੀਸਦੀ ਦਾਖਲਾ ਵਧਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਪੰਜਾਬ ਸਰਕਾਰ ਦੀਆਂ ਸਕੀਮਾਂ ਤਹਿਤ ਵਿਦਿਆਰਥੀਆਂ ਨੂੰ ਫੀਸ ਮੁਆਫੀ, ਮੁਫਤ ਕਿਤਾਬਾਂ, ਮੁਫਤ ਵਰਦੀਆਂ ਸਮੇਤ ਅਨੇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਕੰਵਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਵਸੁੰਧਰਾ ਕਪਿਲਾ, ਜ਼ਿਲਾ ਮੈਂਟਰ ਖੇਡਾਂ ਸਿਮਰਦੀਪ ਸਿੰਘ, ਜ਼ਿਲਾ ਮੈਂਟਰ ਗਣਿਤ ਕਮਲਦੀਪ, ਜ਼ਿਲਾ ਮੈਂਟਰ ਕੰਪਿਊਟਰ ਮਹਿੰਦਰਪਾਲ, ਜ਼ਿਲਾ ਮੀਡੀਆ ਕੋਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਹਾਜ਼ਰ ਸਨ।