ਮਹੀਨਾ ਜਨਵਰੀ ਤੋਂ ਜੁਲਾਈ, 2021 ਤੱਕ ਦੇ ਕੁੱਲ 2278 ਕੇਸਾਂ ਦੇ ਲਾਭਪਾਤਰੀਆਂ ਨੂੰ ਜਲਦੀ ਕੀਤੀ ਜਾਵੇਗੀ ਵਿੱਤੀ ਸਹਾਇਤਾ ਦੀ ਅਦਾਇਗੀ
ਤਰਨ ਤਾਰਨ, 09 ਅਗਸਤ 2021
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਮਹੀਨਾ ਜੂਨ, 2020 ਤੋਂ ਦਸੰਬਰ, 2020 ਦੇ ਤੱਕ ਜ਼ਿਲ੍ਹੇ ਕੁੱਲ 2166 ਕੇਸਾਂ ਦੇ ਯੋਗ ਲਾਭਪਾਤਰੀਆਂ ਨੂੰ 4 ਕਰੋੜ 54 ਲੱਖ 86 ਹਜ਼ਾਰ ਰੁਪਏ ਦੀ ਅਦਾਇਗੀ ਆੱਨਲਾਈਨ ਸਿਸਟਮ ਰਾਹੀਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਨਵਰੀ, 2021 ਤੋਂ ਲੈ ਕੇ ਜੁਲਾਈ, 2021 ਤੱਕ ਦੇ ਕੁੱਲ 2278 ਕੇਸਾਂ ਦੇ ਲਾਭਪਾਤਰੀਆਂ ਨੂੰ 5 ਕਰੋੜ 27 ਲੱਖ 28000 ਰੁਪਏ ਦੀ ਬਣਦੀ ਵਿੱਤੀ ਸਹਾਇਤਾ ਦੀ ਅਦਾਇਗੀ ਲਈ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ, ਜਿੰਨ੍ਹਾਂ ਨੂੰ ਆੱਨਲਾਈਨ ਸਿਸਟਮ ਰਾਹੀਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਜਲਦੀ ਹੀ ਅਦਾਇਗੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਇਸਾਈ ਬਰਾਦਰੀ ਅਤੇ ਆਰਥਿਕ ਤੌਰ ‘ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਅਤੇ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਦੁਬਾਰਾ ਵਿਆਹ ਕਰਨ ‘ਤੇ ਹੁਣ ਵਧੀ ਹੋਈ ਰਾਸ਼ੀ 51000 ਰੁਪਏ ਰੁਪਏ ਦੀ ਵਿੱਤੀ ਸਹਾਇਤਾ ਅਸ਼ੀਰਵਾਦ ਵਜੋਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਮੁੱਖ ਦਫਤਰ ਮੋਹਾਲੀ ਵੱਲੋਂ ਆਨ-ਲਾਈਨ ਮੈਨੇਜਮੈਂਟ ਸਿਸਟਮ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤੇ ਭੇਜੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਹੋਰ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆ ਤੇ ਅਧਿਕਾਰਤਾ ਅਫ਼ਸਰ, ਤਰਨ ਤਾਰਨ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਵਿੱਤੀ ਸਹਾਇਤਾ ਨੂੰ ਮਹੀਨਾ ਜੁਲਾਈ 2021 ਤੋਂ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਬੰਧਿਤ ਪਰਿਵਾਰ ਦੀ ਸਾਲਾਨਾ ਆਮਦਨ 32790/-ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਲੜਕੀ ਦੇ ਮਾਤਾ-ਪਿਤਾ ਪੰਜਾਬ ਰਾਜ ਦੇ ਵਸਨੀਕ ਹੋਣੇ ਚਾਹੀਦੇ ਹਨ, ਸਕੀਮ ਦਾ ਲਾਭ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਤੱਕ ਸੀਮਿਤ ਹੈ ਅਤੇ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਬਿਨੈ-ਪੱਤਰ ਵਿਆਹ ਦੀ ਮਿਤੀ ਤੋਂ 30 ਦਿਨ ਪਹਿਲਾਂ ਅਤੇ ਵਿਆਹ ਦੀ ਮਿਤੀ ਤੋਂ ਬਾਅਦ 30 ਦਿਨ ਦੇ ਅੰਦਰ-ਅੰਦਰ ਨਿਰਧਾਰਤ ਪ੍ਰੋਫਾਰਮੇ ਵਿੱਚ ਦੇਣਾ ਜ਼ਰੂਰੀ ਹੈ।ਉਹਨਾਂ ਦੱਸਿਆ ਕਿ ਇਹ ਬਿਨੈ-ਪੱਤਰ ਸਬੰਧਿਤ ਤਹਿਸੀਲ ਪੱਧਰ ਦੇ ਦਫ਼ਤਰਾਂ ਵਿੱਚ ਦਿੱਤੇ ਜਾ ਸਕਦੇ ਹਨ।