ਨਵਾਂਸ਼ਹਿਰ, 29 ਅਪ੍ਰੈਲ :
ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਜ਼ਿਲੇ ਦੀ ਹਦੂਦ ਅੰਦਰ ਆਕਸੀਜਨ ਦੀ ਵਰਤੋਂ ਕਰਨ ਵਾਲੇ ਸਮੂਹ ਉਦਯੋਗਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਉਦਯੋਗਿਕ ਮੰਤਵ ਲਈ ਆਕਸੀਜਨ ਦੀ ਵਰਤੋਂ ਨਹੀਂ ਕਰਨਗੇ ਅਤੇ ਤਰਲ ਆਕਸੀਜਨ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਉਦਯੋਗਾਂ ਵਿਚ ਜਿੰਨੇ ਵੀ ਆਕਸੀਜਨ ਦੇ ਖਾਲੀ ਸਿਲੰਡਰ ਪਏ ਹਨ, ਉਨਾਂ ਦੀ ਰਿਪੋਰਟ ਸਬੰਧਤ ਅਦਾਰੇ ਵੱਲੋਂ ਜ਼ਿਲਾ ਮੈਨੇਜਰ, ਉਦਯੋਗ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਕੀਤੀ ਜਾਵੇਗੀ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੇਸ਼/ਰਾਜ ਵਿਚ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਿਕ ਜ਼ਿਲੇ ਅੰਦਰ ਤਰਲ ਆਕਸੀਜਨ ਅਤੇ ਵੱਖ-ਵੱਖ ਯੂਨਿਟਾਂ ਪਾਸ ਪਏ ਤਰਲ ਆਕਸੀਜਨ ਦੇ ਸਟਾਕ ਨੂੰ ਕੇਵਲ ਮੈਡੀਕਲ ਮੰਤਵ ਲਈ ਹੀ ਵਰਤਿਆ ਜਾਣਾ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।