ਸ੍ਰੀ ਦਲਜੀਤ ਸਿੰਘ ਨੇ ਖੁੰਭ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕ ਹਾਲਤ ਵਿੱਚ ਸੁਧਾਰ ਅਤੇ ਸਫਲਤਾ ਪ੍ਰਾਪਤ ਕੀਤੀ
ਆਰਥਿਕ ਹਾਲਤ ਵਿਚ ਸੁਧਾਰ ਲਈ ਸਹਾਈ ਸਿੱਧ ਹੋਇਆ ਖੁੰਭ ਉਤਪਾਦਨ ਦਾ ਧੰਦਾ
ਤਰਨ ਤਾਰਨ, 10 ਅਕਤੂਬਰ :
ਅਗਾਂਹਵਧੁ ਕਿਸਾਨ ਸ੍ਰੀ ਦਲਜੀਤ ਸਿਂਘ ਪੁੱਤਰ ਬਲਕਾਰ ਸਿੰਘ ਪਿੰਡ ਕਸੇਲ ਬਲਾਕ ਗੰਡੀਵਿੰਡ ਨੇ ਖੁੰਭ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕ ਹਾਲਤ ਵਿਚ ਸੁਧਾਰ ਅਤੇ ਸਫਲਤਾ ਪ੍ਰਾਪਤ ਕੀਤੀ ਹੈ।ਸ੍ਰੀ ਦਲਜੀਤ ਸਿੰਘ ਨੇ ਖੁੰਭ ਉਤਪਾਦਨ ਦਾ ਕੰਮ ਸੰਨ 1999 ਵਿਚ ਆਪਣੇ ਪਿਤਾ ਬਲਕਾਰ ਸਿੰਘ ਨਾਲ ਮਿਲ ਕੇ ਇਕ ਸ਼ੈੱਡ ਜਿਸਦੀ ਲੰਬਾਈ 70 ਅਤੇ ਚੌੜਾਈ 20 ਫੁੱਟ ਤੋਂ ਸ਼ੁਰੂ ਕੀਤਾ ਸੀ।ਫਿਰ ਉਸ ਨੇ ਸਾਲ 2013 ਵਿਚ ਆਤਮਾ ਸਕੀਮ ਅਧੀਨ (ਖਾਲਸਾ ਕਾਲਜ ਅੰਮ੍ਰਿਤਸਰ) ਵਿਖੇ ਟੇ੍ਰਨਿੰਗ ਲੈ ਕੇ ਛੋਟੇ ਪੱਧਰ ਤੇ ਕੰਮ ਸ਼ੁਰੂ ਕਰ ਕੇ ਆਪਣੀ ਮਿਹਨਤ ਅਤੇ ਸੂਝ-ਬੂਝ ਨਾਲ ਕੰਮ ਨੂੰ ਵੱਡੇ ਪੱਧਰ ਤੱਕ ਪਹੁੰਚਾਇਆ ਹੈ।
ਅੱਜ ਉਹ 10 ਸ਼ੈੱਡਾਂ, ਜਿਨ੍ਹਾਂ ਦੀ ਲੰਬਾਈ 70 ਅਤੇ ਚੌੜਾਈ 20 ਫੁੱਟ (3 ਕਨਾਲ) ਵਿਚ ਖੁੰਭ ਦੀ ਪੈਦਾਵਾਰ ਕਰ ਰਿਹਾ ਹੈ।ਇਹ ਕਿਸਾਨ ਇਕ ਸਾਲ ਵਿਚ 150 ਕੁਇੰਟਲ ਖੁੰਭ ਦਾ ਉਤਪਾਦਨ ਕਰ ਰਿਹਾ ਹੈ ਅਤੇ 200 ਗ੍ਰਾਮ ਖੁੰਭ ਦੀ ਪੈਕਿੰਗ ਕਰ ਕੇ ਵੇਚਦਾ ਹੈ ਇਹ ਕਿਸਾਨ ਛਿਮਾਹੀ ਦਾ 13 ਤੋਂ14 ਲੱਖ ਦਾ ਕੁੱਲ ਮੁਨਾਫਾ ਕਰਦਾ ਹੈ। ਜਿਸ ਵਿਚੋਂ 7 ਤੋ 8 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਰਦਾ ਹੈ।ਇਹ ਕਿਸਾਨ 8 ਤੋਂ 9 ਮਜਦੂਰਾਂ ਨੂੰ 6 ਮਹੀਨੇ ਲਈ ਰੁਜਗਾਰ ਵੀ ਮੁਹਾਈਆ ਕਰਵਾਉਂਦਾ ਹੈ।
ਇਸ ਕਿਸਾਨ ਨੂੰ ਜਿਲ੍ਹੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।ਇਹ ਕਿਸਾਨ ਹੋਰਾਂ ਕਿਸਾਨਾਂ ਨੂੰ ਖੁੰਭਾਂ ਪ੍ਰਤੀ ਟਰੇਨਿੰਗ ਵੀ ਦਿੰਦਾ ਹੈ।ਇਹ ਕਿਸਾਨ 10 ਕਿੱਲਿਆਂ ਦੀ ਖੇਤੀ ਵੀ ਕਰਦਾ ਹੈ।ਇਹ ਕਿਸਾਨ 7 ਸਾਲ ਤੋਂ ਫਸਲ ਦੀ ਰਹਿੰਦ ਖੁਹਿੰਦ ਨੂੰ ਜ਼ਮੀਨ ਵਿੱਚ ਹੀ ਰਲਾੳਂਦਾ ਹੈ।ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਕਾਫੀ ਸਮੇਂ ਤੋਂ ਜ਼ਮੀਨ ਵਿਚ ਖਪਾਉਣ ਨਾਲ ਫਸਲ ਦਾ ਝਾੜ ਬਹੁਤ ਵਧਿਆ ਹੈ ਅਤੇ ਇਹ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਦਾ ਹੈ।ਇਸ ਕਿਸਾਨ ਨੇ ਖੇਤੀਬਾੜੀ ਮਹਿਕਮੇ ਦੇ ਤਕਨੀਕੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਐੱਸ. ਐੱਮ. ਐੱਸ. ਨਾਲ ਕਰਵਾਈ ਹੈ ਅਤੇ ਸੁਪਰ ਸੀਡਰ ਨਾਲ ਕਣਕ ਬਿਜਾਈ ਕਰਨੀ ਹੈ।