ਪਿੰਡਾਂ ਦੇ ਲੋਕਾਂ ਨੂੰ ਕਰੋਨਾ ਤੋਂ ਬਚਣ ਸਬੰਧੀ ਜਾਗਰੂਕ ਕਰ ਰਹੀਆਂ ਨੇ ਟੀਮਾਂ
ਫਾਜ਼ਿਲਕਾ, 21 ਮਈ,2021
ਕਰੋਨਾਂ ਤੋਂ ਪੀੜਤ ਅਤੇ ਲੋੜਵੰਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਿਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਤਹਿਸੀਲ ਫਾਜ਼ਿਲਕਾ ਵਿਖੇ ਵੀ ਕਰੋਨਾ ਤੋਂ ਪੀੜਤ ਲੋੜਵੰਦਾਂ ਲੋਕਾਂ ਨੂੰ ਰਾਸ਼ਨ ਕਿਟਾਂ ਦੀ ਵੰਡ ਕੀਤੀ ਜਾ ਰਹੀ ਹੈ।
ਐਸ.ਡੀ.ਐਮ. ਸ੍ਰੀ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਕਰੋਨਾ ਤੋਂ ਪੀੜਤ ਲੋੜਵੰਦਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਜ਼ੀਟਿਵ ਆਏ ਲੋੜਵੰਦਾਂ ਨੂੰ ਖਾਣੇ ਸਬੰਧੀ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਕੇ ਇਹ ਰਾਸ਼ਨ ਵੰਡਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਤਹਿਸੀਲ ਫਾਜ਼ਿਲਕਾ ਅਧੀਨ ਪੈਂਦੇ ਪਿੰਡਾਂ ਵਿਚ ਵੀ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜ਼ੋ ਪਿੰਡਾਂ ਵਿਚ ਵੱਧ ਰਹੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਪਿੰਡ ਅਲਿਆਣਾ, ਟਾਹਲੀ ਵਾਲਾ ਬੋਦਲਾ ਆਦਿ ਹੋਰ ਪਿੰਡਾਂ ਵਿਖੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ `ਤੇ ਜਾ ਕੇ ਕਰੋਨਾ ਮਹਾਂਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਕਦਮੀ ਕਰਦਿਆਂ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣੀ ਚਾਹੀਦੀ ਹੈ ਤੇ ਕਰੋਨਾ ਦੇ ਫੈਲਾਅ ਨੂੰ ਹੋਰ ਵੱਧਣ ਤੋਂ ਰੋਕਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਨਾਲ-ਨਾਲ ਵੈਕਸੀਨੇਸ਼ਨ ਵੀ ਲਾਜ਼ਮੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਤੋਂ ਬਾਅਦ ਨਤੀਜਾ ਆਉਣ ਤੱਕ ਆਪਣੇ ਪਰਿਵਾਰ ਤੋਂ ਦੂਰ ਰਹਿੰਦਿਆਂ ਸਾਵਧਾਨੀਆਂ ਦੀ ਪਾਲਣਾ ਜਿਵੇਂ ਕਿ ਮਾਸਕ ਲਾਜ਼ਮੀ ਪਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਤਾਂ ਜ਼ੋ ਕਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।