05.07.2021 ਅਤੇ 08.07.2021 ਨੂੰ ਪ੍ਰੀ ਲੋਕ ਅਦਾਲਤਾਂ ਦਾ ਕੀਤਾ ਜਾਵੇਗਾ ਆਯੋਜਨ
ਐਸ.ਏ.ਐਸ ਨਗਰ, 26 ਜੂਨ 2021
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਸ਼ਡਿਊਲ ਅਨੁਸਾਰ ਸੈਸ਼ਨ ਡਵੀਜ਼ਨ ਐਸ.ਏ.ਐਸ. ਨਗਰ ਵਿਖੇ ਮਿਤੀ 10.07.2021 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਕ੍ਰਿਮੀਨਲ ਕੰਪਾਊਂਡੇਬਲ ੳਫੈਂਸਜ਼, ਐਨ.ਆਈ.ਐਕਟ ਕੇਸ, ਬੈਂਕ ਰਿਕਵਰੀ ਕੇਸ, ਮੈਟਰੀਮੋਨੀਅਲ ਝਗੜੇ ਅਤੇ ਇੰਸ਼ੋਰੈਂਸ ਆਦਿ ਨਾਲ ਸਬੰਧਤ ਕੇਸ ਲਗਾਏ ਜਾ ਰਹੇ ਹਨ। ਸ੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਆਰ.ਐਸ. ਰਾਏ, ਜਿਲ੍ਹਾ ਅਤੇ ਸੈਸ਼ਨ ਜੱਜ, ਐਸ.ਏ.ਐਸ. ਨਗਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਇਸ ਲੋਕ ਅਦਾਲਤ ਨੂੰ ਸਫਲ ਬਣਾਉਣ ਲਈ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਮਿਤੀ 05.07.2021 ਅਤੇ 08.07.2021 ਨੂੰ ਪ੍ਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਜਿਲ੍ਹਾ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੇ।
ਇਸ ਮੌਕੇ ਉਨ੍ਹਾਂ ਵਲੋਂ ਆਮ ਲੋਕਾਂ ਨੂੰ ਉਤਸ਼ਹਿਤ ਕੀਤਾ ਗਿਆ ਕਿ ਉਹ ਵੱਖ ਵੱਖ ਅਦਾਲਤਾਂ ਵਿਚ ਲੰਬਤ ਪਏ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣ ਲਈ ਲੋਕ ਅਦਾਲਤ ਵਿਚ ਕੇਸ ਲਗਵਾਉਣ। ਇਸ ਲੋਕ ਅਦਾਲਤ ਵਿਚ ਅਦਾਲਤਾਂ ਵਿਚ ਲੰਬਤ ਕੇਸਾਂ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸ ਵੀ ਸੁਣਵਾਈ ਲਈ ਰੱਖੇ ਜਾਣਗੇ। ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਲੋਕ ਅਦਾਲਤ ਵਿਚ ਨਿਪਟਾਏ ਗਏ ਕੇਸਾਂ ਵਿੱਚ ਲੱਗੀ ਹੋਈ ਕੋਰਟ ਫੀਸ ਵਾਪਿਸ ਕਰ ਦਿੱਤੀ ਜਾਂਦੀ ਹੈ ਅਤੇ ਇਹਨਾ ਕੇਸਾਂ ਦੇ ਫੈਸਲੇ ਦੀ ਕੋਈ ਅਪੀਲ ਨਹੀ ਹੁੰਦੀ ਅਤੇ ਰਾਜ਼ੀਨਾਮਾ ਹੋਣ ਉਪਰੰਤ ਪਾਰਟੀਆਂ ਦੇ ਰਿਸ਼ਤੇ ਵਿੱਚ ਤਰੇੜ ਨਹੀ ਪੈਂਦੀ ਅਤੇ ਪਾਰਟੀਆਂ ਖੁਸ਼ੀ-ਖੁਸ਼ੀ ਘਰ ਜਾਂਦੀਆਂ ਹਨ।