ਖੇਤੀ ਵਿਭਿੰਨਤਾ ਲਈ ਵੱਖ-ਵੱਖ ਪਿੰਡਾਂ ਦਾ ਦੌਰਾ: ਮੁੱਖ ਖੇਤੀਬਾੜੀ ਅਫ਼ਸਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਪਾਹ ਦੀ ਫਸਲ ਤੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਫਲੋਨੀਕਾਮਾਈਡ 50 ਦਵਾਈ ਕਿਸਾਨਾਂ ਨੂੰ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ
ਐਸ.ਏ.ਐਸ. ਨਗਰ, 3 ਸਤੰਬਰ 2021
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਜ਼ਿਲ੍ਹੇ ਵਿੱਚ ਖੇਤੀ ਵਿਭਿੰਨਤਾ ਅਧੀਨ ਵਿਭਾਗ ਵੱਲੋਂ ਸਾਉਣੀ ਦੇ ਸੀਜ਼ਨ ਦੌਰਾਨ ਸੋਇਆਬੀਨ, ਕਪਾਹ ਅਤੇ ਮੱਕੀ ਵਰਗੀਆਂ ਬਦਲਵੀਆਂ ਫਸਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਹਿੱਤ ਕੀਤੇ ਗਏ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਬਲਾਕ ਖਰੜ ਦੇ ਪਿੰਡ ਗੜਾਗਾਂ ਵਿਖੇ ਅਗਾਂਹਵਧੂ ਕਿਸਾਨ ਸ੍ਰੀ ਹਰਚੰਦ ਸਿੰਘ ਦੇ ਖੇਤ ਵਿੱਚ ਵਿਭਾਗ ਵੱਲੋਂ ਸੋਇਆਬੀਨ ਦੇ ਲਾਏ ਗਏ ਪ੍ਰਦਰਸ਼ਨੀ ਪਲਾਂਟ ਦੀ ਫਸਲੀ ਹਾਲਤ ਤਸੱਲੀਬਖ਼ਸ਼ ਹੋਣ ਬਾਰੇ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਜਾਣਕਾਰੀ ਦਿੱਤੀ।
ਡਾ. ਰਹੇਜਾ ਨੇ ਦੱਸਿਆ ਕਿ ਇਸ ਪਿੰਡ ਵਿੱਚ 26 ਏਕੜ ਜ਼ਮੀਨ ਉਤੇ ਸੋਇਆਬੀਨ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਇਸ ਕਿਸਾਨ ਵੱਲੋਂ 6.5 ਏਕੜ ਵਿੱਚ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਰਹੀ ਹੈ। ਕਿਸਾਨ ਵੱਲੋਂ ਦੱਸਿਆ ਗਿਆ ਕਿ ਉਹ ਖੇਤੀਬਾੜੀ ਵਿਭਾਗ ਦੀ ਸਲਾਹ ਉਤੇ ਸੋਇਆਬੀਨ ਦੀ ਖੇਤੀ ਨਾਲ 5 ਤੋਂ 7 ਕੁਇੰਟਲ ਝਾੜ ਪ੍ਰਾਪਤ ਕਰਕੇ ਕੁਰਾਲੀ ਦੀ ਮੰਡੀ ਵਿਖੇ 6500 ਰੁਪਏ ਤੋਂ 7000 ਰੁਪਏ ਪ੍ਰਤੀ ਕੁਇੰਟਲ ਸੋਇਆਬੀਨ ਦੀ ਫਸਲ ਵੇਚ ਕੇ ਲਗਪਗ 40,000 ਰੁਪਏ ਕਮਾ ਲਵੇਗਾ ਅਤੇ ਇਸ ਤਰ੍ਹਾਂ ਫਸਲੀ ਵਿਭਿੰਨਤਾ ਦੇ ਨਾਲ ਆਮਦਨੀ ਵਿੱਚ ਵੀ ਵਾਧਾ ਹੋਵੇਗਾ। ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਲਾਏ ਗਏ ਕਪਾਹ ਦੇ ਪ੍ਰਦਰਸ਼ਨੀ ਪਲਾਂਟਾਂ ਦਾ ਵੀ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਫਸਲ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋਣ ਕਰਕੇ ਪੋਟਾਸ਼ੀਅਮ ਨਾਈਟਰੇਟ ਤਰਲ ਖਾਦ ਦੀ ਹਫ਼ਤੇ-ਹਫ਼ਤੇ ਬਾਅਦ ਚਾਰ ਸਪਰੇਅ ਕਰਨ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਕਪਾਹ ਦੀ ਫਸਲ ਤੇ ਰਸ ਚੂਸਣ ਵਾਲੇ ਕੀੜਿਆਂ ਜਿਵੇਂ ਕਿ ਚਿੱਟੀ ਮੱਖੀ, ਕਪਾਹ ਦੀ ਜੂੰ, ਤੇਲੇ ਆਦਿ ਦਾ ਹਮਲਾ ਵੇਖਣ ਵਿੱਚ ਆਉਂਦਾ ਹੈ, ਜਿਸ ਦੀ ਰੋਕਥਾਮ ਲਈ ਫਲੋਨੀਕਾਮਾਈਡ 50 ਨਾਮ ਦੀ ਕੀੜੇਮਾਰ ਦਵਾਈ ਵਿਭਾਗ ਵੱਲੋਂ ਪ੍ਰਦਰਸ਼ਨੀਆਂ ਲਾਉਣ ਵਾਲੇ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਬਲਾਕ ਖਰੜ ਦੇ ਅਧਿਕਾਰੀ ਡਾ. ਸੰਦੀਪ ਕੁਮਾਰ, ਖੇਤੀਬਾੜੀ ਅਫਸਰ, ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਲਖਵਿੰਦਰ ਸਿੰਘ, ਜੂਨੀਅਰ ਤਕਨੀਸ਼ੀਅਨ, ਸ੍ਰੀ ਜਗਦੀਪ ਸਿੰਘ, ਬੀ.ਟੀ.ਐਮ. ਅਤੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

Spread the love