ਘਰ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ ਕਰੋਨਾ ਫ਼ਤਹਿ ਕਿੱਟਾਂ ਮੁਹੱਈਆ ਕਰਵਾਈਆਂ
ਜ਼ਿਲ੍ਹਾ ਐਸ.ਏ.ਐਸ ਨਗਰ ਵਿਚਲੇ ਇਕਾਂਤਵਾਸ ਪਾਜ਼ੇਟਿਵ ਮਰੀਜ਼ਾਂ ਨੂੰ ਕਰੀਬ 10 ਹਜ਼ਾਰ ਕਿਟਾਂ ਵੰਡੀਆਂ
ਐਸ.ਏ.ਐਸ ਨਗਰ, 21 ਮਈ,2021
ਬਹੁਤ ਹੀ ਛੋਟੀ ਉਮਰ ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰ ਕੇ ਹੁਣ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾਅ ਰਹੇ ਸ਼੍ਰੀਮਤੀ ਆਸਿ਼ਕਾ ਜੈਨ ਨੇ ਕਰੋਨਾ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੇ ਮਿਸ਼ਨ ਫ਼ਤਹਿ ਤਹਿਤ ਰੈਪਿਡ ਰਿਸਪਾਂਸ ਟੀਮਾਂ ਨਾਲ ਜਾ ਕੇ ਘਰ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ ਕਰੋਨਾ ਫ਼ਤਹਿ ਕਿੱਟਾਂ ਮੁਹੱਈਆ ਕਰਵਾਈਆਂ।
ਉਹਨਾਂ ਨੇ ਨਾਲ ਹੀ ਘਰਾਂ ਵਿੱਚ ਇਕਾਂਤਵਾਸ ਰਹਿ ਕੇ ਕਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਰੋਨਾ ਫ਼ਤਹਿ ਕਿੱਟ ਦਾ ਉਨ੍ਹਾਂ ਨੂੰ ਠੀਕ ਕਰਨ ਵਿੱਚ ਰੋਲ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦੇਖਭਾਲ ਲਈ ਕੀਤੇ ਯਤਨਾਂ ਦੀ ਸਮੀਖਿਆ ਕੀਤੀ।
ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਜੁਝਾਰਨਗਰ, ਨਵਾਂ ਗਾਓਂ ਸਮੇਤ ਜਿ਼ਲ੍ਹੇ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਕਰੋਨਾ ਫ਼ਤਹਿ ਕਿੱਟ ਪ੍ਰਾਪਤ ਕਰਨ ਵਾਲੇ ਲੋਕਾਂ ਅਤੇ ਕਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਨੇ ਜਿੱਥੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਨੇ ਉਚੇਚੇ ਤੌਰ ਉਤੇ ਸ਼੍ਰੀਮਤੀ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਹੈ ਕਿ ਕਿਸੇ ਉੱਚ ਅਧਿਕਾਰੀ ਨੇ ਖ਼ੁਦ ਆ ਕੇ ਉਨ੍ਹਾਂ ਦੀ ਸਾਰ ਲਈ ਹੈ। ਇਸ ਨਾਲ ਉਨ੍ਹਾਂ ਨੂੰ ਇੱਕ ਸਕਾਰਾਤਮਕ ਊਰਜਾ ਮਿਲੀ ਹੈ ਤੇ ਉਨ੍ਹਾਂ ਦਾ ਹੌਸਲਾ ਵਧਿਆ ਹੈ।
ਕਰੋਨਾ ਨੂੰ ਮਾਤ ਦੇਣ ਵਿੱਚ ਪੰਜਾਬ ਸਰਕਾਰ ਵੱਲੋਂ ਮਹੱਈਆ ਕਰਵਾਈ ਜਾ ਰਹੀ ਕਰੋਨਾ ਫਤਿਹ ਕਿੱਟ ਅਹਿਮ ਭਮਿਕਾ ਨਿਭਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ ਘਰਾਂ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨੂੰ ਕਰੀਬ 10 ਹਜ਼ਾਰ ਕਿੱਟਾਂ ਪਹੁੰਚਾਈਆਂ ਜਾ ਚੁੱਕੀਆਂ ਹਨ, ਜੋ ਕਿ ਮਰੀਜ਼ਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਤੱਕ ਕਰੋਨਾ ਫਤਿਹ ਕਿਟਾਂ ਪੁਜਦੀਆਂ ਕਰਨ ਲਈ ਐਸ.ਪੀ.(ਦਿਹਾਤੀ) ਸ਼੍ਰੀ ਰਵਜੋਤ ਗਰੇਵਾਲ ਨੂੰ ਨੋਡਲ ਅਫਸਰ ਲਗਾਇਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਕਰੋਨਾ ਫਤਿਹ ਕਿੱਟ ਵਿੱਚ 18 ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਦਵਾਈਆਂ ਅਤੇ ਕਾੜ੍ਹਾ, ਸਿੱਖਿਆ ਅਤੇ ਜਾਣਕਾਰੀ ਸਬੰਧੀ ਸਮੱਗਰੀ, ਦਵਾਈਆਂ ਵਰਤਣ ਦੀਆਂ ਹਦਾਇਤਾਂ, ਮਰੀਜ਼ ਅਤੇ ਮਰੀਜ਼ ਦੀ ਸਾਭ ਸੰਭਾਲ ਕਰਨ ਵਾਲਿਆਂ ਸਬੰਧੀ ਹਦਾਇਤਾਂ ਅਤੇ ਸੈਲਫ ਮੌਨੀਟਰਿੰਗ ਲਾਗ ਚਾਰਟ ਸ਼ਾਮਲ ਹਨ।
ਇਸ ਕਿੱਟ ਵਿੱਚ ਜਿੱਥੇ ਸਿਹਤਯਾਬ ਹੋਣ ਲਈ ਦਵਾਈਆਂ ਮੁਹਈਆ ਕਾਰਵਾਈਆਂ ਗਈਆਂ ਹਨ, ਉੱਥੇ ਸਿਹਤ ਦੀ ਨਿਗਰਾਨੀ ਲਈ ਵੀ ਚੀਜ਼ਾਂ ਸ਼ਾਮਲ ਹਨ। ਜਿਵੇਂ ਕਿ ਪਲਸ ਆਕਸੀਮੀਟਰ ਅਤੇ ਡਿਜੀਟਲ ਥਰਮਾਮੀਟਰ ਦੀ ਮਦਦ ਨਾਲ ਮਰੀਜ਼ ਨੂੰ ਅਪਣੀ ਸਿਹਤ ਵਿਗੜਨ ਬਾਰੇ ਫੌਰੀ ਪਤਾ ਲੱਗ ਜਾਂਦਾ ਹੈ ਤੇ ਸਿਹਤ ਖ਼ਰਾਬ ਹੋਣ ਉੱਤੇ ਉਹ ਫੌਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਅਗਲਾ ਇਲਾਜ ਕਰਵਾ ਸਕਦਾ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਜਿੱਥੇ ਜਿਲ੍ਹਾ ਪ੍ਰਸ਼ਾਸਨ ਦੀਆਂ ਟੀਮਾ ਘਰਾਂ ਵਿੱਚ ਇਕਾਂਤਵਾਸ ਕਰੋਨਾ ਮਰੀਜ਼ਾਂ ਨਾਲ ਸੰਪਰਕ ਵਿੱਚ ਰਹਿੰਦੀਆਂ ਹਨ, ਉਥੇ ਜਦੋਂ ਵੀ ਕਿਸੇ ਕਰੋਨਾ ਮਰੀਜ਼ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ ਤਾਂ ਰੈਪਿਡ ਰਿਸਪੌਂਸ ਟੀਮ ਵੱਲੋਂ ਮਰੀਜ਼ ਨਾਲ ਸੰਪਰਕ ਕਰ ਕੇ ਛੇਤੀ ਤੋਂ ਛੇਤੀ ਉਸ ਨੂੰ ਕਰੋਨਾ ਫਤਿਹ ਕਿੱਟ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ।
ਸ਼ੁਰੂਆਤੀ ਪੜਾਅ ਉੱਤੇ ਕਰੋਨਾਂ ਦਾ ਪਤਾ ਲੱਗਣ ‘ਤੇ ਸੌਖਿਆਂ ਹੀ ਘਰ ਵਿੱਚ ਇਕਾਂਤਵਾਸ ਰਹਿੰਦਿਆਂ ਇਲਾਜ ਹੋ ਸਕਦਾ ਹੈ ਅਤੇ ਮਰੀਜ਼ਾਂ ਨੂੰ ਹਸਪਤਾਲਾ ਵਿੱਚ ਦਾਖਲ ਹੋਣ ਦੀ ਲੋੜ ਨਹੀ ਪੈਂਦੀ। ਇਸ ਨਾਲ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਹਸਪਤਾਲ ਪੁੱਜਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਨਹੀਂ ਵਧਦੀ ਅਤੇ ਪਿਹਲੇ ਪੜਾਅ ਤੋਂ ਅਗਲੇ ਪੜਾਅ ਵਾਲੇ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਸੌਖਾ ਹੋ ਜਾਂਦਾ ਹੈ।
ਇਸ ਮੌਕੇ ਐਸ. ਪੀ.(ਦਿਹਾਤੀ) ਸ਼੍ਰੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਉਪਰੋਕਤ ਸੇਵਾ ਦੇ ਨਾਲ ਨਾਲ ਲੋੜਵੰਦਾਂ ਨੂੰ ਰਾਸ਼ਨ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਇਕਾਂਤਵਾਸ ਹੋਏ ਮਰੀਜ਼ ਨੂੰ ਜਾਂ ਉਸਦੇ ਪਰਿਵਾਰ ਨੂੰ ਰਾਸ਼ਨ ਸਬੰਧੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ 112 ਹੈਲਪ ਲਾਈਨ ਉੱਤੇ ਕਾਲ ਕਰ ਸਕਦੇ ਹਨ, ਉਹਨਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਵੇਗਾ।