ਬਰਨਾਲਾ, 10 ਜਨਵਰੀ 2024
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਬਿੱਲ ਲਿਆਓ, ਇਨਾਮ ਪਾਓ’ ਸਕੀਮ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਕੀਮ ਤਹਿਤ ਜਿਹੜੇ ਖਪਤਕਾਰਾਂ ਦੁਆਰਾ ਇਸ ਸਕੀਮ ਸਬੰਧੀ ਮੇਰਾ ਬਿੱਲ ਐਪ ਉਪਰ ਬਿੱਲ ਅਪਲੋਡ ਕੀਤੇ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਡਰਾਅ ਦੁਆਰਾ ਲਾਭਪਾਤਰੀਆਂ ਨੂੰ ਨਕਦ ਇਨਾਮ ਵੀ ਜਾਰੀ ਕੀਤੇ ਜਾਂਦੇ ਹਨ। ਇਹ ਸਕੀਮ ਖਪਤਕਾਰਾਂ ਨੂੰ ਵਸਤੂਆਂ ਦੀ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰਨ ‘ਚ ਬਹੁਤ ਹੀ ਮਦਦਗਾਰ ਸਾਬਿਤ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਰਾਜ ਕਰ, ਬਰਨਾਲਾ ਸ੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਗੁਡਜ਼ ਸਰਵਿਸ ਟੈਕਸ (ਜੀ.ਐਸ.ਟੀ.) ਵਿਭਾਗ ਵੱਲੋਂ ਆਮ ਜਨਤਾ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਚਲਾਈ ਗਈ ਹੈ। ਜਿਸਦੇ ਤਹਿਤ ਆਬਕਾਰੀ ਦਫ਼ਤਰ, ਬਰਨਾਲਾ ਵੱਲੋਂ ਪਬਲਿਕ ਥਾਵਾਂ ‘ਤੇ ਸਟੈਂਡਿੰਗ ਬੋਰਡ, ਸ਼ੋਸ਼ਲ ਮੀਡੀਆ ਅਤੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾਏ ਗਏ।
ਜਿਸ ਦੇ ਸਿੱਟੇ ਵੱਜੋਂ ਆਮ ਜਨਤਾ ਵੱਲੋਂ ਮੇਰਾ ਬਿੱਲ ਐਪ ‘ਤੇ ਅਪਲੋਡ ਕੀਤੇ ਗਏ ਖਰੀਦੋ-ਫਰੋਤ ਦੇ ਬਿੱਲਾਂ ਅਤੇ ਹੋਰ ਜਾਣਕਾਰੀ ਦੀ ਮਦਦ ਨਾਲ ਆਬਕਾਰੀ ਵਿਭਾਗ ਵੱਲੋਂ ਉਹ ਡੀਲਰ ਜੋ ਪਿਛਲੇ ਕਈ ਮਹੀਨਿਆਂ ਤੋਂ ਵਿੱਕਰੀ ਕੀਤੇ ਮਾਲ ਦੇ ਕੱਚੇ ਬਿੱਲ ਕਟਕੇ ਟੈਕਸ ਦੀ ਚੋਰੀ ਕਰ ਰਹੇ ਸਨ ਉਹਨਾਂ ਵਪਾਰੀਆਂ ਦਾ ਡਾਟਾ ਅਤੇ ਰਿਟਰਨਾ ਚੈੱਕ ਕਰਕੇ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਬਣਦਾ ਟੈਕਸ ਤੇ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ ਇਸ ਐਪ ਰਾਹੀਂ ਕਈ ਅਣ-ਰਜਿਸਟਰਡ ਡੀਲਰਾਂ ਦਾ ਵੀ ਪਤਾ ਚਲਿਆ ਜੋ ਕਿ ਜੀ.ਐਸ.ਟੀ. ਐਕਟ ਅਧੀਨ ਰਜਿਸਟਰੇਸ਼ਨ ਦੇ ਦਾਇਰੇ ਵਿੱਚ ਆਉਂਦੇ ਸਨ ਪ੍ਰੰਤੂ ਉਹਨਾਂ ਨੇ ਜੀ.ਐਸ.ਟੀ. ਰਜਿਸਟਰੇਸ਼ਨ ਪ੍ਰਾਪਤ ਨਹੀਂ ਕੀਤੀ ਹੋਈ ਸੀ ਅਜਿਹੇ ਡੀਲਰਾਂ ਨੂੰ ਜੀ.ਐਸ.ਟੀ. ਐਕਟ-2017 ਦੀ ਉਲੰਘਣਾ ਕਰਨ ਕਾਰਨ ਨੋਟਿਸ ਜਾਰੀ ਕੀਤੇ ਗਏ।