ਮਾਂ ਦਾ ਦੁੱਧ ਹੀ ਹੈ ਬੱਚੇ ਲਈ ਸੰਪੂਰਨ ਖ਼ੁਰਾਕ : ਬੀਈਈ ਮਨਿੰਦਰ ਸਿੰਘ
ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਮਮਤਾ ਦਿਵਸ ਮਨਾਇਆ
ਰਾਹੋਂ, 8 ਸਤੰਬਰ 2021 ਮਾਣਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਊਸ਼ਾ ਕਿਰਨ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਅੱਜ ਮਮਤਾ ਦਿਵਸ ਮਨਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ ਊਸ਼ਾ ਕਿਰਨ ਨੇ ਚੱਲ ਰਹੇ ਮਮਤਾ ਦਿਵਸ ਦੀ ਖੁਦ ਨਿਗਰਾਨੀ ਕੀਤੀ ਅਤੇ ਏ.ਐਨ.ਐਮਜ਼ ਅਤੇ ਸੁਪਰਵਾਈਜਰ ਨੂੰ ਟੀਕਾਕਰਨ ਸਮੇਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਦੇ ਹੋਏ ਦੱਸਿਆ ਕਿ ਮਮਤਾ ਦਿਵਸ ਹਰ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਂਦੇ ਹਨ। ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਦਾ ਮੁਫਤ ਏ.ਐਨ.ਸੀ. ਚੈਕਅੱਪ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਵੀ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ ਜੋ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਡਾ ਕਿਰਨ ਨੇ ਜੱਚਾ-ਬੱਚਾ ਮੌਤ ਦਰ ਨੂੰ ਘੱਟ ਕਰਨ ਲਈ ਜਣੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਾਉਣਾ ਚਾਹੀਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਣੇਪੇ ਨਾਲ ਸਬੰਧਤ ਗਰਭਵਤੀ ਮਾਵਾਂ ਦਾ ਸਪੈਸ਼ਲਿਸਟ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ, ਕਿਉਂਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਗਿਆਨਵਾਨ ਹੁੰਦੇ ਹਨ। ਅਜਿਹੇ ਵਿਅਕਤੀ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੁੰਦੀ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਸਿਹਤ ਸਿੱਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲ ਮੌਤ ਦਰ ਘੱਟ ਕਰਨ ਲਈ ਨਵਜੰਮੇ ਬੱਚੇ ਨੂੰ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ, ਕਿਉਂਕਿ ਮਾਂ ਦੇ ਦੁੱਧ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਬੱਚੇ ਨੂੰ ਮਾਰੂ ਰੋਗਾਂ ਤੋਂ ਬਚਾਉਂਦੇ ਹਨ। ਮਾਂ ਦਾ ਦੁੱਧ ਹੀ ਬੱਚੇ ਲਈ ਸੰਪੂਰਨ ਖ਼ੁਰਾਕ ਹੁੰਦੀ ਹੈ, ਇੱਥੋਂ ਤੱਕ ਕਿ ਛੇ ਮਹੀਨੇ ਤੱਕ ਬੱਚੇ ਨੂੰ ਪਾਣੀ ਵੀ ਨਹੀਂ ਪਿਲਾਉਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਦਸਤ ਰੋਗ ਸਮੇਤ ਹੋਰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਸ ਮੌਕੇ ਡਾ. ਭੁਵਨੀਸ਼ ਸ਼ਾਰਦਾ ਮੈਡੀਕਲ ਅਫਸਰ, ਡਾ. ਗੁਰਪਿੰਦਰ ਕੌਰ ਮੈਡੀਕਲ ਅਫਸਰ, ਡਾ. ਯੋਗਿਤਾ ਬਾਲਾ ਬੱਚਿਆ ਦੇ ਮਾਹਿਰ ਨੇ ਵੀ ਆਮ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਗਰਭਵਤੀ ਔਰਤਾਂ ਨੂੰ ਸੰਪੂਰਨ ਖ਼ੁਰਾਕ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਦੌਰਾਨ ਸੀ.ਐਚ.ਸੀ.ਰਾਹੋਂ ਦਾ ਸਮੂਹ ਸਟਾਫ ਹਾਜ਼ਰ ਸਨ।