ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਇਸ ਮਹਾਨ ਕਾਰਜ਼ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ
ਤਰਨ ਤਾਰਨ, 07 ਦਸੰਬਰ :
ਦੇਸ਼ ਦੀ ਸੁਰੱਖਿਆ ਬਣਾਏ ਰੱਖਣ ਲਈ ਬਹਾਦਰ ਫੌਜੀ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬੇ-ਮਿਸਾਲ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਇਆ ਨਹੀਂ ਜਾ ਸਕਦਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਹਰ ਸਾਲ ਮਨਾਏ ਜਾਂਦੇ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਆਗਾਜ਼ ਮੌਕੇ ਕੀਤਾ। ਇਸ ਮੌਕੇ ਸ੍ਰੀ ਸੁਖਬੀਰ ਸਿੰਘ ਸੁਪਰਡੰਟ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਨੇ ਡਿਪਟੀ ਕਮਿਸ਼ਨਰ ਨੂੰ ਫਲੈਗ ਲਗਾਇਆ ਅਤੇ ਵਿਭਾਗ ਦੀਆਂ ਸਕੀਮਾਂ ਸਬੰਧੀ ਕਿਤਾਬਚਾ ਵੀ ਪ੍ਰਦਾਨ ਕੀਤਾ ਅਤੇ ਦਫਤਰ ਵਿਖੇ ਝੰਡਾ ਦਿਵਸ ਮਨਾਉਣ ਲਈ ਪਾਹੁੰਚੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਨੂੰ ਝੰਡਾ ਦਿਵਸ ਦੀ ਜਾਣਕਾਰੀ ਦੇ ਨਾਲ-ਨਾਲ ਦਫਤਰ ਦੀਆਂ ਹੋਰ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਸਕੀਮਾਂ ਸਬੰਧੀ ਕਿਤਾਬਚੇ ਵੀ ਵੰਡੇ ਗਏ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਸਮੂਹ ਦੇਸ਼ਵਾਸੀ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਇਸ ਦਿਨ ’ਤੇ ਵੱਖ-ਵੱਖ ਲੜਾਈਆਂ ਅਤੇ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਸਾਬਕਾ ਸੈਨਿਕਾਂ ਦੀ ਮੱਦਦ ਲਈ ਦਿਲ ਖੋਲ ਕੇ ਦਾਨ ਦਿੰਦੇ ਹਨ ਅਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੀ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਉਹਨਾਂ ਸਮੂਹ ਜਿ਼ਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਹਮੇਸ਼ਾਂ ਦਿਲਾਂ ਅੰਦਰ ਵਸਾ ਕੇ ਰੱਖੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਮਹਾਨ ਕਾਰਜ਼ ਲਈ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਨੇ ਸਾਡੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਨ੍ਹਾਂ ਦੇ ਪਰਿਵਾਰਾਂ ਲਈ ਕੁਝ ਨਾ ਕੁਝ ਜਰੂਰ ਕੀਤਾ ਜਾ ਸਕੇ।
ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾਇਰਡ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ 07 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸੈਨਾ ਝੰਡਾ ਦਿਵਸ ਦੇਸ਼ ਦੇ ਉਹਨਾਂ ਅਮਰ ਸ਼ਹੀਦਾਂ ਦੀ ਯਾਦ ਸਾਡੇ ਸਭਨਾਂ ਦੇ ਮਨਾਂ ਵਿੱਚ ਤਾਜ਼ਾ ਕਰਦਾ ਹੈ ਜਿਨ੍ਹਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਵਾਸਤੇ ਕੁਰਬਾਨ ਕਰ ਦਿਤਾ। ਇਸ ਦਿਨ ਸੁਰੱਖਿਆ ਸੈਨਾਵਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਹਾਰਾ ਮਿਲਦਾ ਹੈ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ ।ਦੇਸ਼ ਲਈ ਸ਼ਹੀਦ ਅਤੇ ਨਕਾਰਾ ਹੋਏ ਸੈਨਿਕਾਂ ਨੇ ਦੇਸ਼ ਲਈ ਲੜਾਈਆਂ ਤਾਂ ਲੜੀਆਂ ਸਨ ਪਰ ਉਹਨਾਂ ਵਿਚੋਂ ਬਹੁਤ ਸਾਰੇ ਸਾਬਕਾ ਸੈਨਿਕਾਂ ਨੂੰ ਪੈਂਨਸ਼ਨ ਦਿਤੇ ਬਿਨਾਂ ਹੀ ਸੇਵਾ ਮੁਕਤ ਕਰ ਦਿਤਾ ਗਿਆ। ਅਜਿਹੇ ਸੈਨਿਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਮੁੱਢਲੀ ਜ਼ੁੰਮੇਵਾਰੀ ਬਣ ਜਾਂਦੀ ਹੈ। ਇਸ ਲਈ ਇਸ ਦਿਨ ਦੇਸ਼ ਦਾ ਹਰ ਨਾਗਰਿਕ, ਵਿਦਿਆਰਥੀ ਤੋਂ ਲੈ ਕੇ ਵੱਡੇ ਤੋਂ ਵੱਡੇ ਉਦਯੋਗਪਤੀ ਤੱਕ ਸਭ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾ ਕੇ ਦਿਲ ਖੋਲ੍ਹ ਕੇ ਦਾਨ ਕਰਦੇ ਹਨ। ਦਾਨ ਵਜੋਂ ਇਕੱਠਾ ਕੀਤਾ ਹੋਇਆ ਪੈਸਾ ਰਾਜ ਸਰਕਾਰ ਦੇ ਆਰਮਡ ਫੋਰਸਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ।