ਰਿਸੋਰਸ ਸੈਂਟਰ ਦਾ ਪੂਰਾ ਲਾਭ ਉਠਾ ਰਹੇ ਹਨ ਨੌਜਵਾਨ
ਲਾਇਬ੍ਰੇਰੀ ਨੂੰ ਪੁਸਤਕਾਂ ਦਾਨ ਕਰਨ ਲਈ ਅੱਗੇ ਆਏ ਸਮਾਜਸੇਵੀ
ਬਰਨਾਲਾ, 28 ਜੁਲਾਈ 2021
ਨਗਰ ਕੌਂਸਲ ਬਰਨਾਲਾ ਦੇ ਵਿਹੜੇ ਸਥਿਤ ਸ੍ਰੀ ਰਾਮ ਸਰੂਪ ਅਣਖੀ ਲਾਇਬ੍ਰੇਰੀ ਅਤੇ ਰਿਸੋਰਸ ਸੈਂਟਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵੱਖ ਵੱਖ ਪ੍ਰੀਖਿਆਵਾਂ ਦੀ ਤਿਆਰੀ ਵਿਚ ਜੁਟੇ ਨੌਜਵਾਨ ਅਤੇ ਵਿਦਿਆਰਥੀ ਵਰਗ ਲਾਂਿੲਬ੍ਰੇਰੀ ਵਿਖੇ ਬਣੇ ਰਿਸੋਰਸ ਸੈਂਟਰ ਦਾ ਭਰਪੂਰ ਲਾਭ ਉਠਾ ਰਹੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਸ੍ਰੀ ਰਾਮ ਸਰੂਪ ਅਣਖੀ ਮਿਉਂਸਿਪਲ ਲਾਇਬ੍ਰੇਰੀ ’ਚ ਮੁਫਤ ਇੰਟਰਨੈੱਟ ਸਹੂਲਤ, ਕੰਪਿਊਟਰ ਸਿਸਟਮ, ਪ੍ਰਾਜੈਕਟਰ ਤੇ ਸਾਊਂਡ ਸਿਸਟਮ ਦੀ ਸਹੂਲਤ ਹੈ। ਉਨਾਂ ਦੱਸਿਆ ਕਿ ਰੋਜ਼ਾਨਾ 50 ਦੇ ਕਰੀਬ ਵਿਦਿਆਰਥੀ, ਨੌਜਵਾਨ ਤੇ ਸਾਹਿਤ ਪ੍ਰੇਮੀ ਰਿਸੋਰਸ ਸੈਂਟਰ ਤੇ ਲਾਇਬ੍ਰੇਰੀ ਵਿਖੇ ਸਹੂਲਤਾਂ ਦਾ ਲਾਹਾ ਲੈਂਦੇ ਹਨ।
ਉੁਨਾਂ ਦੱਸਿਆ ਕਿ ਲਾਇਬ੍ਰੇਰੀ ’ਚ ਸੁਚੱਜੀਆਂ ਸੇਵਾਵਾਂ ਲਈ ਲਾਂਿੲਬ੍ਰੇਰੀਅਨ ਤਾਇਨਾਤ ਕੀਤੇ ਗਏ ਹਨ, ਜੋ ਕਿ ਨੌਜਵਾਨਾਂ ਨੂੰ ਸੇਧ ਦਿੰਦੇ ਹਨ। ਨੌਜਵਾਨਾਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਖ ਵੱਖ ਭਾਸ਼ਾਵਾਂ ਦੇ ਅਖਬਾਰ, ਆਨਲਾਈਨ ਸਮੱਗਰੀ, ਮੁਫਤ ਇੰਟਰਨੈਟ ਤੇ ਸੁਖਾਵਾਂ ਮਾਹੌਲ ਮੁਹੱਈਆ ਕਰਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਨਗਰ ਕੌਂਸਲ ਮੁਲਾਜ਼ਮ ਗੋਬਿੰਦ ਪਾਲ ਅਤੇ ਮੁਹੰਮਦ ਸਲੀਮ ਦੇ ਹੰਭਲੇ ਨਾਲ ਸ੍ਰੀ ਲੱਖਪਤ ਰਾਏ, ਦੀਪਕ ਸੋਨੀ ਆਸਥਾ ਕਲੋਨੀ ਤੇ ਗੌਰਵ ਕੁਮਾਰ ਪਟਿਆਲਾ ਵੱਲੋਂ ਕਰੀਬ 50 ਹਜ਼ਾਰ ਦੀ ਕੀਮਤ ਵਾਲੀਆਂ ਕਿਤਾਬਾਂ ਲਾਇਬ੍ਰੇਰੀ ਨੂੰ ਦਾਨ ਕੀਤੀਆਂ ਗਈਆਂ ਹਨ। ਉਨਾਂ ਆਖਿਆ ਕਿ ਸ਼ਹਿਰ ਵਾਸੀਆਂ ਅਤੇ ਸਮਾਜਸੇਵੀਆਂ ਵੱਲੋਂ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਅੱਗੇ ਆਉਣਾ ਬੇਹੱਦ ਸ਼ਲਾਘਾਯੋਗ ਕਦਮ ਹੈ।
ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਅਤੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਨਗਰ ਕੌਂਸਲ ਵੱਲੋਂ ਇਸ ਲਾਇਬ੍ਰੇਰੀ ਨੂੰ ਆਧੁਨਿਕ ਰੂਪ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਲਾਇਬ੍ਰੇਰੀ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਹੈ। ਉਨਾਂ ਸ਼ਹਿਰ ਵਾਸੀਆਂ, ਖਾਸ ਕਰਕੇ ਨੌਜਵਾਨਾਂ ਨੂੰ ਇਸ ਸਹੂਲਤ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ।