ਮੰਤਰੀ ਮੀਤ ਹੇਅਰ ਨੇ ਪਿੰਡ ਉੱਪਲੀ ਵਿਖੇ 72.69 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
ਪਿੰਡ ਦੇ ਛੱਪੜ ਦਾ ਕੀਤਾ ਜਾਵੇਗਾ ਨਵੀਨੀਕਰਨ, 56.65 ਲੱਖ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ‘ਚ ਕੀਤਾ ਜਾ ਰਿਹਾ ਤਬਦੀਲ
ਬਰਨਾਲਾ ਵਿਧਾਨ ਸਭਾ ਖੇਤਰ ਦੇ ਹਰ ਇੱਕ ਛੱਪੜ ਦਾ ਕੀਤਾ ਜਾਵੇਗਾ ਨਵੀਨੀਕਰਨ
ਉੱਪਲੀ (ਬਰਨਾਲਾ), 6 ਫਰਵਰੀ 2024
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਲੋਕਾਂ ਦਾ ਪੂਰਨ ਵਿਕਾਸ ਹੋ ਸਕੇ। ਇਨ੍ਹਾਂ ਯਤਨਾਂ ਸਦਕਾ ਹੀ ਬਰਨਾਲਾ ਵਿਧਾਨ ਸਭਾ ਖੇਤਰ ਦੇ ਹਰ ਇੱਕ ਪਿੰਡ ’ਚ ਪਿਛਲੇ ਦੋ ਸਾਲਾਂ ‘ਚ ਲੱਖਾਂ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ।ਇਸ ਗੱਲ ਦਾ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਉੱਪਲੀ ਵਿਖੇ ਛੱਪੜ ਦੇ ਨਵੀਨੀਕਰਨ ਸਬੰਧੀ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ‘ਚ 72.69 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਛੱਪੜ ਦੇ ਨਵੀਨੀਕਰਨ ਲਈ 56.65 ਲੱਖ ਰੁਪਏ, ਗੰਦੇ ਪਾਣੀ ਦੇ ਨਿਕਾਸ ਲਈ ਪਾਇਪ ਲਾਈਨ ਸਬੰਧੀ 11.29 ਲੱਖ ਰੁਪਏ, ਧਰਮਸ਼ਾਲਾ ਦੇ ਬਾਹਰ ਸ਼ੈੱਡ ਦੀ ਉਸਾਰੀ ਲਈ 2 ਲੱਖ ਰੁਪਏ, ਰਵੀਦਾਸ ਧਰਮਸ਼ਾਲਾ ਲਈ 2 ਲੱਖ ਅਤੇ ਕਬਰਿਸਤਾਨ ‘ਚ ਮੋਟਰ ਲਗਾਉਣ ਲਈ 75000 ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਪਿੰਡ ਰਾਜਗੜ੍ਹ, ਫਰਵਾਹੀ, ਸੇਖਾ, ਝਲੂਰ, ਭੈਣੀ ਮਹਿਰਾਜ, ਬਡਬਰ ਆਦਿ ਵਿਖੇ ਪਹਿਲਾਂ ਹੀ ਛੱਪੜਾਂ ਫੜ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ, ਆਪ ਦੇ ਦਵਾਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਰੋਜ਼ਾਨਾ ਲੋਕਾਂ ਦੇ ਘਰਾਂ ਦੇ ਨੇੜੇ ਕੈਂਪ ਲੱਗਣਗੇ ਅਤੇ ਉਹ ਸਰਕਾਰੀ ਵਿਭਾਗਾਂ ਸਬੰਧੀ ਆਪਣੀਆਂ ਸਮੱਸਿਆਵਾਂ ਹੱਲ ਕਰਵਾ ਸਕਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਰਨਾਲਾ ਵਿਧਾਨ ਸਭਾ ਦੇ ਹਰ ਇੱਕ ਪਿੰਡ ‘ਚ ਛੱਪੜ ਦੇ ਨਵੀਨੀਕਰਨ, ਖੇਡ ਮੈਦਾਨ ਦੀ ਉਸਾਰੀ ਅਤੇ ਕਮਿਊਨਿਟੀ ਹਾਲ ਬਣਾਉਣ ਦਾ ਟੀਚਾ ਹੈ ਤਾਂ ਜੋ ਪਿੰਡਾਂ ਦਾ ਪੂਰਨ ਵਿਕਾਸ ਹੋ ਸਕੇ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਦੀਪ ਸਿੰਘ ਬਾਠ, ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।