ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮੌਕੇ ’ਤੇ ਪਹੁੰਚ ਕੇ ਪੀੜ੍ਹਤ ਧਿਰ ਦੀ ਗੱਲ ਸੁਣੀ
ਬਟਾਲਾ, 24 ਜੂਨ 2021 ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਟਾਲਾ ਦੇ ਬਾਉਲੀ ਇੰਦਰਜੀਤ ਇਲਾਕੇ ਨਾਲ ਸਬੰਧਤ ਮਸੀਹ ਪ੍ਰਚਾਰਕ ਪਾਸਟਰ ਰਾਣੀ ਗਿੱਲ ਪਤਨੀ ਅਸੋਕ ਕੁਮਾਰ ਨਾਲ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਝਗੜੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਹੰਸ ਰਾਜ ਅਰਲੀਭੰਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਪਹਿਲਾਂ ਬਾਉਲੀ ਇੰਦਰਜੀਤ ਵਿਖੇ ਪੀੜ੍ਹਤ ਧਿਰ ਦੀ ਦਰਖਾਸਤ ਸੁਣੀ ਅਤੇ ਮੌਕੇ ਦਾ ਜਾਇਜਾ ਲਿਆ। ਇਸ ਉਪਰੰਤ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਂਬਰਾਨ ਵੱਲੋਂ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਰਾਮ ਬਾਗ ਕਲੋਨੀ ਬਾਉਲੀ ਇੰਦਰਜੀਤ ਸਿੰਘ ਦੀ ਵਸਨੀਕ ਮਸੀਹ ਪ੍ਰਚਾਰਕ ਪਾਸਟਰ ਰਾਣੀ ਗਿੱਲ ਪਤਨੀ ਅਸੋਕ ਕੁਮਾਰ ਨੇ ਕਮਿਸ਼ਨ ਕੋਲ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਗੁਆਂਢ ਰਹਿੰਦੇ ਹਰਜਿੰਦਰ ਸਿੰਘ ਉਰਫ਼ ਗਿੰਨੀ ਅਤੇ ਇਸਦੇ ਪਿਤਾ ਸੁਬੇਗ ਸਿੰਘ ਵੱਲੋਂ ਉਨ੍ਹਾਂ ਦੀ ਕੁਟਮਾਰ ਕੀਤੀ ਗਈ ਹੈ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ। ਉਸਨੇ ਦੱਸਿਆ ਕਿ 6 ਸਾਲ ਪਹਿਲਾਂ ਵੀ ਇਨ੍ਹਾਂ ਨਾਲ ਲੜਾਈ ਝਗੜਾ ਹੋਇਆ ਸੀ ਅਤੇ ਇਸਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਸ ਖਤਮ ਕਰਨ ਵਾਸਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਅਤੇ ਇਸੇ ਕਾਰਨ ਉਨ੍ਹਾਂ ਉਪਰ ਹਮਲਾ ਕੀਤਾ ਗਿਆ।
ਪੀੜ੍ਹਤ ਧਿਰ ਦੇ ਸਾਰੇ ਬਿਆਨ ਸੁਣਨ ਉਪਰੰਤ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਹੰਸ ਰਾਜ ਅਰਲੀਭੰਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਰੇ ਮਸਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੋ ਵੀ ਇਸ ਵਿਚ ਦੋਸ਼ੀ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਮੁਦਾਇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਘਟਨਾ ਦੀ ਜਲਦ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸੁਭਾਸ਼ ਮਸੀਹ ਥੋਬਾ, ਤਰਸੇਮ ਮਸੀਹ ਸਹੋਤਾ ਵਾਈਸ ਚੇਅਰਮੈਨ ਮਸੀਹ ਭਲਾਈ ਬੋਰਡ, ਪ੍ਰਿਸੀਪਲ ਰਾਜੂ ਡੈਨੀਅਲ ਤੇ ਹੋਰ ਮਸੀਹ ਭਾਈਚਾਰੇ ਦੇ ਆਗੂ ਵੀ ਮੌਜੂਦ ਸਨ।