ਅੰਮਿ੍ਰਤਸਰ, 23 ਜੁਲਾਈ 2021
ਬਾਗਬਾਨੀ ਵਿਭਾਗ ਵੱਲੋਂ ਸਾਲ 2021 ਨੂੰ “ਅੰਤਰਰਾਸ਼ਟਰੀ ਫ਼ਲ ਅਤੇ ਸਬਜ਼ੀ ਵਰਾ” ਮਨਾਉਦੇ ਹੋਏ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰ ਕੌਰ (ਆਈ.ਐਫ.ਐਸ) ਦੀ ਅਗਵਾਈ ਅਧੀਨ ਸੂਬੇ ਭਰ ਵਿੱਚ ਕਰੀਬ ਢਾਈ ਲੱਖ ਤੋਂ ਵੱਧ ਫਲਾਂ ਦੇ ਬੀਜ ਬਾਲਜ਼ ਵੰਡੇ ਜਾ ਰਹੇ ਹਨ। ਇਸ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਗੁਰਿਦਰ ਸਿੰਘ ਧੰਜਲ ਨੇ ਦੱਸਿਆ ਕਿ ਪੋਸ਼ਟਿਕ ਸੁਰੱਖਿਆ ਮੁਹਿੰਮ ਤਹਿਤ ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਜਿਲੇ ਵਿੱਚ ਜਾਮਣ,ਢੇਉ,ਅੰਬ ਆਦਿ ਦੇ ਬੀਜ ਨੂੰ ਮਿਟੀ ਵਿੱਚ ਮਿਲਾਕੇ ਬਣਾਏ ਗਏ 13000 ਫ਼ਲ ਬੀਜ ਬਾਲਜ਼ ਸਾਝੀਆਂ ਜਗ੍ਹਾ,ਪੰਚਾਇਤੀ ਸ਼ਾਮਲਾਟਾਂ, ਸੜਕਾਂ ਦੇ ਕਿਨਾਰੇ, ਸਕੂਲਾਂ, ਧਾਰਮਿਕ ਸਥਾਨਾਂ ਤੇ ਹੋਰ ਜਨਤਕ ਥਾਵਾਂ ਤੇ ਲਗਾਏ ਜਾ ਰਹੇ ਹਨ।
ਉਨ੍ਹਾ ਦੱਸਿਆ ਕਿ ਇਹ ਮੁਹਿੰਮ 20 ਜੁਲਾਈ ਨੂੰ ਸ਼ੁਰੂ ਕੀਤੀ ਗਈ ਸੀ ਅਤੇ 25 ਜੁਲਾਈ ਤੱਕ ਜਾਰੀ ਰਹੇਗੀ ਜਿਸ ਵਿੱਚ ਕਿਸਾਨਾਂ, ਉਦਮੀਆਂ ਤੇ ਪੰਚਾਇਤਾ ਦੇ ਸਹਿਯੋਗ ਨਾਲ ਇਹ ਬੀਜ ਬਾਲਜ਼ ਪਿੰਡਾਂ ਵਿੱਚ ਕੈਪਾਂ ਰਾਹੀਂ ਮੁਫਤ ਵੰਡੇ ਜਾ ਰਹੇ ਹਨ। ਖੇਤੀ ਭਵਨ ਵਿੱਚ ਇਕਠ ਦੌਰਾਨ ਜਾਣਕਾਰੀ ਦਿੰਦਿਆ ਬਾਗਬਾਨੀ ਵਿਕਾਸ ਅਫਸਰ,ਅਟਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਬਾਲਜ਼ ਸਰਕਾਰੀ ਬਾਗ ਅਤੇ ਨਰਸਰੀ, ਅਟਾਰੀ ਵਿਖੇ ਤਿਆਰ ਕੀਤੇ ਗਏ ਹਨ ਅਤੇ ਜਿਲ੍ਹੇ ਦੇ ਸਾਰੇ ਬਲਾਕਾਂ ਨੂੰ ਮੁਹੱਈਆਂ ਕਰਵਾ ਦਿੱਤੇ ਗਏ ਹਨ। ਉਨ੍ਹਾ ਨੇ ਇਨਾ ਦੇ ਲਗਾਉਣ ਦੇ ਢੰਗ ਅਤੇ ਬਾਅਦ ਵਿੱਚ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਸਾਝੀ ਕੀਤੀ। ਉਹਨਾ ਦਸਿਆ ਕਿ ਆਲੇ-ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਦਰੱਖਤਾਂ ਦਾ ਵਡਮੁੱਲਾ ਯੋਗਦਾਨ ਹੋਣ ਕਰਕੇ ਜਿਥੇ ਵੀ ਕੋਈ ਖਾਲੀ ਜਗ੍ਹਾ ਹੈ ਉੱਥੇ ਇਹ ਬੀਜ ਬਾਲ ਲਗਾ ਦਿੱਤੇ ਜਾਣ।
ਇਸ ਮੌਕੇ ਤੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਤਜਿੰਦਰ ਸਿੰਘ ਖੇਤੀਬਾੜੀ ਅਫਸਰ ਅਤੇ ਹਰਵਿੰਦਰ ਸਿੰਘ,ਜਤਿੰਦਰ ਸਿੰਘ,ਤੇਜਬੀਰ ਸਿੰਘ (ਸਾਰੇ ਬਾਗਬਾਨੀ ਵਿਕਾਸ ਅਫਸਰ) ਅਤੇ ਸੁਖਬੀਰ ਸਿੰਘ, ਸੁਖਮਿੰਦਰ ਸਿੰਘ ਉਪਲ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਅਤੇ ਹੋਰ ਕਰਮਚਾਰੀ ਅਤੇ ਕਿਸਾਨ ਮੌਜੂਦ ਸਨ।