ਜ਼ਿਲ੍ਹੇ ਵਿਚ ਬੱਚਿਆਂ ਨੂੰ ਦਿੱਤੀ ਗਈ ਪੀ.ਸੀ.ਵੀ. ਵੈਕਸੀਨ ਦੀ ਪਹਿਲੀ ਖ਼ੁਰਾਕ
ਸਿਵਲ ਸਰਜਨ ਵੱਲੋਂ ‘ਨਿਊਮੋਕੋਕਲ ਕੰਜੂਗੇਟ ਵੈਕਸੀਨ’ (ਪੀ.ਸੀ.ਵੀ) ਟੀਕਾਕਰਨ ਦੀ ਰਸਮੀ ਸ਼ੁਰੂਆਤ
ਪੀ.ਸੀ.ਵੀ ਟੀਕਾਕਰਨ ਨਾਲ ਬਾਲ ਮੌਤ ਦਰ ਵਿਚ ਆਏਗੀ ਕਮੀ : ਡਾ. ਬਲਵਿੰਦਰ ਕੁਮਾਰ
ਨਵਾਂਸ਼ਹਿਰ, 25 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਅੱਜ ਜ਼ਿਲ੍ਹੇ ਵਿਚ ਬੱਚਿਆਂ ਨੂੰ ਨਿਮੋਨੀਆ ਵਰਗੀ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ‘ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ)’ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਮਿਊਨਿਟੀ ਸਿਹਤ ਕੇਂਦਰ ਸੁੱਜੋਂ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੱਚਿਆਂ ਨੂੰ ਪੀ.ਸੀ.ਵੀ ਵੈਕਸੀਨ ਲਗਵਾ ਕੇ ਟੀਕਾਕਰਨ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ। ਅੱਜ ਨਿਯਮਤ ਟੀਕਾਕਰਨ ਪ੍ਰੋਗਰਾਮ ਦੀ ਸੂਚੀ ਵਿਚ ਸ਼ਾਮਲ ਹੋਈ ‘ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ)’ ਬੱਚਿਆਂ ਨੂੰ ਨਿਊਮੋਕੋਕਲ ਨਿਮੋਨੀਆ ਤੋਂ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਇਸ ਬਿਮਾਰੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕੇਗੀ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਨਿਊਮੋਕੋਕਲ ਨਿਊਮੋਨੀਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਮੋਕੋਕਲ ਬਿਮਾਰੀ ਉਨ੍ਹਾਂ ਬਿਮਾਰੀਆਂ ਦੇ ਸਮੂਹ ਨੂੰ ਕਹਿੰਦੇ ਹਨ ਜੋ ਕਿ ਨਿਊਮੋਕੋਕੂਸ ਨਾਮ ਦੇ ਬੈਕਟੀਰੀਆ ਤੋਂ ਹੁੰਦੀਆਂ ਹਨ ਅਤੇ ਇਹ ਛੋਟੇ ਬੱਚਿਆਂ ਵਿਚ ਬੈਕਟੀਰੀਅਲ ਨਿਊਮੋਨੀਆ ਦਾ ਸਭ ਤੋਂ ਵੱਡਾ ਕਾਰਨ ਹੈ। ਨਿਊਮੋਕੋਕਲ ਨਿਊਮੋਨੀਆ ਇਕ ਗੰਭੀਰ ਸਾਹ ਦੀ ਲਾਗ ਦਾ ਇਕ ਰੂਪ ਹੈ ਜੋ ਫੇਫੜਿਆਂ ਵਿਚ ਜਲਨ ਅਤੇ ਤਰਲ ਪਦਾਰਥ ਦਾ ਕਾਰਨ ਬਣਦਾ ਹੈ। ਇਹ ਸਾਹ ਲੈਣਾ ਮੁਸ਼ਕਿਲ ਬਣਾਉਂਦਾ ਹੈ ਅਤੇ ਆਕਸੀਜਨ ਦੀ ਮਾਤਰਾ ਨੂੰ ਸੀਮਿਤ ਕਰਦਾ ਹੈ। ਇਹ ਇੱਕ ਗੰਭੀਰ ਸਾਹ ਦੀ ਲਾਗ ਹੈ, ਜਿਸ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ, ਖੰਘ ਆਦਿ ਹੁੰਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਇਹ ਵੈਕਸੀਨ ਨਿਊਮੋਨੋਕੋਕਲ ਜੀਵਾਣੂਆਂ ਦੀਆਂ ਦਸ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ।
ਨਿਊਮੋਕੋਕਲ ਬਿਮਾਰੀ ਜਨਤਕ ਸਿਹਤ ਲਈ ਇਕ ਵੱਡਾ ਖਤਰਾ ਹੈ। ਇਹ ਨਿਊਮੋਕੋਕਲ ਨਿਮੋਨੀਆ ਦਾ ਇਕ ਵੱਡਾ ਕਾਰਨ ਹੈ ਅਤੇ ਭਾਰਤ ਵਿਚ ਨਿਊਮੋਕੋਕਲ ਨਿਮੋਨੀਆ ਨਾਲ ਸਾਲ 2010 ਵਿਚ ਇਕ ਲੱਖ ਤੋਂ ਵੱਧ ਅਤੇ ਸਾਲ 2015 ਵਿਚ ਪੰਜਾਹ ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋਈ ਸੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਨਮੂਨੀਆ ਹੈ ਤੇ ਇਹ ਟੀਕਾਕਰਨ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਲਾਭਕਾਰੀ ਹੋਵੇਗਾ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਪਹਿਲਾਂ ਇਹ ਵੈਕਸੀਨ ਕੇਵਲ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਉਪਲੱਬਧ ਸੀ। ਪੀ.ਸੀ.ਵੀ. ਦਾ ਟੀਕਾ ਪ੍ਰਾਈਵੇਟ ਸੈਕਟਰ ਵਿੱਚ ਇੱਕ ਮਹਿੰਗਾ ਟੀਕਾ ਹੈ ਪਰ ਹੁਣ ਸਿਹਤ ਵਿਭਾਗ ਵੱਲੋਂ ਨਿਯਮਤ ਟੀਕਾਕਰਨ ਅਭਿਆਨ ਦੇ ਅੰਤਰਗਤ ਬੱਚਿਆਂ ਨੂੰ ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ।
ਡਾ. ਕੌਰ ਨੇ ਦੱਸਿਆ ਕਿ ਭਾਰਤ ਵਿੱਚ ਸਾਲ 2017 ਤੋਂ ਪੀ.ਸੀ.ਵੀ. ਵੈਕਸੀਨ ਨੂੰ ਸਿਲਸਿਲੇਵਾਰ ਢੰਗ ਨਾਲ ਨਿਯਮਤ ਟੀਕਾਕਰਨ ਅਭਿਆਨ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ। ਭਾਰਤ ਦੇ 5 ਸੂਬਿਆਂ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਪਹਿਲਾਂ ਹੀ ਪੀ.ਸੀ.ਵੀ. ਵੈਕਸੀਨ ਲਗਾਈ ਜਾ ਰਹੀ ਸੀ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਪੀ.ਸੀ.ਵੀ. ਦੇ ਟੀਕੇ ਦੀਆਂ ਤਿੰਨ ਖੁਰਾਕਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੀ.ਸੀ.ਵੀ. ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕਾ ਹੈ। ਪੀ.ਸੀ.ਵੀ. ਦੀ 2 ਪ੍ਰਾਇਮਰੀ ਅਤੇ 1 ਬੂਸਟਰ ਡੋਜ਼ ਹੋਵੇਗੀ। ਪਹਿਲੀ ਖੁਰਾਕ 1.5 ਮਹੀਨੇ, ਦੂਜੀ ਖੁਰਾਕ 3.5 ਮਹੀਨੇ ਅਤੇ ਬੂਸਟਰ ਖੁਰਾਕ 9 ਮਹੀਨੇ ਪੂਰੇ ਹੋਣ ’ਤੇ ਦਿੱਤੀ ਜਾਣੀ ਹੈ। ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਉਮਰ ਦੇ ਪਹਿਲੇ ਸਾਲ ਵਿਚ ਹੁੰਦਾ ਹੈ, ਪਰ ਇਹ ਖ਼ਤਰਾ ਉਮਰ ਦੇ ਪਹਿਲੇ 24 ਮਹੀਨਿਆਂ ਤੱਕ ਬਣਿਆ ਰਹਿੰਦਾ ਹੈ। ਪੀ.ਸੀ.ਵੀ. ਟੀਕਾਕਰਨ ਨਾ ਸਿਰਫ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਨੂੰ ਬਚਾਏਗਾ, ਬਲਕਿ ਨਿਮੋਨੀਆ ਦੀ ਬਿਮਾਰੀ ਦੇ ਹੋਰ ਬੱਚਿਆਂ ਵਿੱਚ ਫੈਲਣ ਦੇ ਖਤਰੇ ਨੂੰ ਘੱਟ ਕਰੇਗਾ ਅਤੇ ਇਸ ਨਾਲ ਬਾਲ ਮੌਤ ਦਰ ਵਿਚ ਕਮੀ ਵੀ ਆਏਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਹਰਬੰਸ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਹਰਕਿਰਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
होम पंजाब एस.बी.एस. नगर ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕੇਗਾ ਪੀ.ਸੀ.ਵੀ. ਟੀਕਾਕਰਨ: ਸਿਵਲ...