ਨਿਮੋਕੋਕਲ ਵੈਕਸੀਨ ਸਾਰੇ ਸਰਕਾਰੀ ਸਿਹਤ ਕੇਂਦਰਾਂ ਚ ਲੱਗੇਗੀ ਮੁਫ਼ਤ : ਡਾ. ਜਸਬੀਰ ਸਿੰਘ ਔਲਖ
ਬਰਨਾਲਾ, 25 ਅਗਸਤ 2021
ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਪੀ ਸੀ ਵੀ ਵੈਕਸੀਨ ਨੂੰ ਟੀਕਾਕਰਨ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਇਸਦੀ ਰਸਮੀ ਸ਼ੁਰੂਆਤ ਸਿਵਲ ਹਸਪਤਾਲ ਬਰਨਾਲਾ ਵਿਖੇ ਹੋ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਨਿਮੋਕੋਕਲ ਵੈਕਸੀਨ ਇੱਕ ਵਿਸ਼ੇਸ਼ ਕਿਸਮ ਦੀ ਬਿਮਾਰੀ ਨਿਮੋਨੀਆ ਨੂੰ ਰੋਕਣ ਵਿੱਚ ਸਹਾਈ ਹੁੰਦੀ ਹੈ। ਬੱਚਿਆਂ ਲਈ ਇਹ ਟੀਕਾਕਰਨ ਇਸ ਲਈ ਵੀ ਜ਼ਰੂਰੀ ਹੈ ਕਿ ਨਿਮੋਨੀਆ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਮਾਰੂ ਅਸਰ ਪਾਂਉਦਾ ਹੈ।
ਡਾ. ਰਜਿੰਦਰ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਹ ਵੈਕਸੀਨ ਦੀਆਂ ਬੱਚਿਆਂ ਨੂੰ ਕੁੱਲ 3 ਡੋਜ਼ਾਂ ਪਹਿਲੀ 6 ਹਫਤੇ, ਦੂਜੀ 14 ਹਫਤੇ ਅਤੇ ਤੀਜੀ 9 ਮਹੀਨੇ ਤੋਂ 12 ਮਹੀਨੇ ਦੀ ਉਮਰ ਤੇ ਦਿੱਤੀਆਂ ਜਾਣਗੀਆਂ। ਇਹ ਵੈਕਸੀਨ ਨਿਮੋਕੋਕਲ ਜੀਵਾਣੂਆਂ ਦੀਆਂ 10 ਕਿਸਮਾਂ ਤੋਂ ਬੱਚੇ ਦੀ ਸਰੱਖਿਆ ਕਰਦੀ ਹੈ।ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਜੋ ਕਿ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਚ ਲਗਾਈ ਜਾ ਰਹੀ ਹੈ।
ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਿਮੋਨੀਆ ਤੋਂ ਬਚਾਅ ਲਈ ਆਪਣੇ ਬੱਚਿਆਂ ਦੇ ਵੈਕਸੀਨ ਜਰੂਰ ਲਗਾਈ ਜਾਵੇ।
ਇਸ ਮੌਕੇ ਡਾ. ਰਜਿੰਦਰ ਸਿੰਗਲਾ ਜ਼ਿਲ੍ਹਾ ਟੀਕਾਕਰਣ ਅਫਸਰ , ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ ਸਿਵਲ ਹਸਪਤਾਲ ਬਰਨਾਲਾ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸਤਨਾਮ ਕੌਰ ਐਲ.ਐਚ.ਵੀ., ਮਨਜੀਤ ਕੌਰ ਏ.ਐਨ.ਐਮ.,ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ, ਗੁਰਦੀਪ ਸਿੰਘ , ਆਦਿ ਸਿਹਤ ਕਰਮਚਾਰੀ ਤੇ ਆਮ ਲੋਕ ਹਾਜ਼ਰ ਸਨ ।