ਚੇਅਰਮੈਨ ਪੰਜਾਬ ਜੈਨਕੋ ਬੋਰਡ ਨਵਜੋਤ ਸਿੰਘ ਜਰਗ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ
ਲੁਧਿਆਣਾ, 21 ਫਰਵਰੀ 2024
ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਲਗਾਤਾਰ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਅਨੇਕ ਤਰਾਂ ਦੀਆਂ ਗਤੀਵਿਧੀਆਂ ਕਰ ਰਿਹਾ ਹੈ। ਵਿਭਾਗ ਦੁਆਰਾ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵਿਸ਼ੇਸ਼ ਤੌਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਮਾਲਵਾ ਸੈਂਟਰਲ ਕਾਲਜ ਆੱਫ ਐਜੂਕੇਸ਼ਨ ਫਾਰ ਵੂਮੈਨ ਵਿਖੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਜੈਨਕੋ ਲਿਮਟਡ ਬੋਰਡ ਦੇ ਚੇਅਰਮੈਨ ਤੇ ਪੰਜਾਬ ਦੇ ਸੱਭਿਆਚਾਰ ਤੇ ਵਿਰਾਸਤ ਦੀ ਸੰਭਾਲ ਲਈ ਵੱਡੇ ਉੱਦਮ ਕਰ ਰਹੇ ਨਵਜੋਤ ਸਿੰਘ ਜਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੌਰ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੋਤੀਆਂ ਨੂੰ ਗੰਭੀਰਤਾ ਨਾਲ਼ ਵਿਚਾਰਨ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ।ਕਾਲਜ ਦੇ ਇੰਚਾਰਜ ਪ੍ਰਿੰਸੀਪਲ ਡਾ. ਨਿਰੂਪਮਾ ਸ਼ਰਮਾ ਨੇ ਕਾਲਜ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਸਵਿੰਦਰ ਸਿੰਘ ਵਿਰਕ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਰਕਾਰੀ ਕਾਲਜ ਕਰਮਸਰ ਤੋਂ ਪ੍ਰੋ. ਇੰਦਰਪਾਲ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਨ ਵਿੱਚ ਮਾਂ ਬੋਲੀ ਪੰਜਾਬੀ ਦੀ ਮੁਹਾਰਤ ਰਾਹੀਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਸੰਬੰਧੀ ਵਿਦਿਆਰਥੀਆਂ ਨਾਲ਼ ਮਹੱਤਵਪੂਰਨ ਜਾਣਕਾਰੀ ਸਾਂਝਿਆਂ ਕੀਤੀ।ਡਿਪਟੀ ਡੀ.ਈ.ਓ ਜਸਵਿੰਦਰ ਸਿੰਘ ਨੇ ਵਿਚਾਰ ਸਾਂਝਿਆਂ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਬੋਲਦਿਆਂ ਕਦੇ ਵੀ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਚੇਅਰਮੈਨ ਨਵਜੋਤ ਸਿੰਘ ਜਰਗ ਨੇ ਵਿਦਿਆਰਥੀਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਦੁਨੀਆਂ ਵਿੱਚ ਬੋਲੀਆਂ ਜਾਣ ਵਾਲੀਆਂ ਸੱਤ ਹਜ਼ਾਰ ਦੇ ਲਗਪਗ ਭਾਸ਼ਾਵਾਂ ਵਿੱਚੋਂ ਭਾ਼ਸ਼ਾਈ ਬੁਲਾਰਿਆਂ ਦੀ ਗਿਣਤੀ ਦੇ ਪੱਖ ਤੋਂ ਪੰਜਾਬੀ ਭਾਸ਼ਾ ਪਹਿਲੀਆਂ ਦੱਸ ਭਾਸ਼ਾਵਾਂ ਵਿੱਚ ਸ਼ਾਮਲ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦਾ ਸੂਬੇ ਅੰਦਰ ਬਣਦਾ ਮਾਣ ਸਤਿਕਾਰ ਬਰਕਰਾਰ ਕਰਨ ਲਈ ਅਨੇਕਾਂ ਯਤਨ ਕਰ ਰਹੀ ਹੈ।
ਇਸ ਸਮਾਗਮ ਵਿੱਚ ਮੰਚ ਸੰਚਾਲਨ ਦਾ ਕਾਰਜ ਪ੍ਰੋ. ਸੁਖਵਿੰਦਰ ਸਿੰਘ ਚੀਮਾ ਨੇ ਬਹੁਤ ਸਲੀਕੇ ਅਤੇ ਨਿਪੁੰਨਤਾ ਸਹਿਤ ਕੀਤਾ। ਸਮਾਗਮ ਵਿੱਚ ਖੋਜ ਅਫ਼ਸਰ ਸੰਦੀਪ ਸਿੰਘ, ਰਿਟਾਇਰਡ ਐਸ.ਐਸ.ਪੀ. ਸਤਨਾਮ ਸਿੰਘ ਬੈਂਸ, ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।