ਭਾਖੜਾ ਬੰਨ੍ਹ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਦਾਰੇਵਾਲ ਮਡਾਲਾ ਨੇੜੇ ਬਣਾਇਆ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਾਰਨ 16 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਤੇ ਸੈਂਕੜੇ ਲੋਕ ਪਾਣੀ ਵਿੱਚ ਫਸ ਗਏ ਹਨ।
ਚੰਡੀਗੜ੍ਹ: ਬੇਸ਼ੱਕ ਹੁਣ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਥੰਮ੍ਹ ਗਿਆ ਹੈ, ਪਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਰੂਪਨਗਰ, ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਤੇ ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕ ਸੰਤਾਪ ਹੰਢਾ ਰਹੇ ਹਨ।
ਭਾਖੜਾ ਬੰਨ੍ਹ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਦਾਰੇਵਾਲ ਮਡਾਲਾ ਨੇੜੇ ਬਣਾਇਆ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਾਰਨ 16 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਤੇ ਸੈਂਕੜੇ ਲੋਕ ਪਾਣੀ ਵਿੱਚ ਫਸ ਗਏ ਹਨ। ਇਸੇ ਤਰ੍ਹਾਂ ਜਲੰਧਰ ਦੇ 33 ਪਿੰਡਾਂ ਵਿੱਚ ਵੀ ਹੜ੍ਹਾਂ ਕਾਰਨ 18,000 ਤੋਂ ਵੱਧ ਲੋਕ ਫਸੇ ਹੋਏ ਹਨ। ਹੜ੍ਹਾਂ ਕਾਰਨ ਰੇਲ ਸੇਵਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਅੱਜ ਵੀ ਛੇ ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਕਾਫੀ ਲੋਕਾਂ ਨੂੰ ਜਲੰਧਰ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਲੋਕਾਂ ਦੀ ਮਦਦ ਲਈ ਫ਼ੌਜ ਨੇ ਲੋਕਾਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਹੈ। ਸ਼ਾਹਕੋਟ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ 33 ਪਿੰਡਾਂ ਵਿੱਚ ਹਵਾਈ ਫ਼ੌਜ ਨੇ 36,000 ਪਰੌਂਠੇ, ਪਾਣੀ ਤੇ ਸੁੱਕੇ ਰਾਸ਼ਨ ਨੇ 18,000 ਪੈਕੇਟ ਹੈਲੀਕਾਪਟਰ ਰਾਹੀਂ ਸੁੱਟੇ ਗਏ ਹਨ। ਇਨ੍ਹਾਂ ਹਾਲਾਤ ਦਰਮਿਆਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਵੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿੱਚ ਭਾਖੜਾ ਵਿੱਚ ਪਾਣੀ ਦੇ ਪੱਧਰ ਨੂੰ 1680 ਫੁੱਟ ‘ਤੇ ਬਰਕਰਾਰ ਰੱਖਿਆ ਜਾਵੇਗਾ ਤੇ ਵਾਧੂ ਪਾਣੀ ਸਤਲੁਜ ਵਿੱਚ ਛੱਡਿਆ ਜਾਵੇਗਾ।