ਐਸ.ਏ.ਐਸ ਨਗਰ,12 ਅਗਸਤ 2021
ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਸੰਸਥਾ ਜ਼ਿਲਾ ਰੈੱਡ ਕਰਾਸ ਸ਼ਾਖਾ, ਐਸ.ਏ.ਐਸ. ਨਗਰ ਨੇ ਪਿਛਲੇ ਪੰਜ-ਛੇ ਸਾਲਾਂ ਤੋਂ ਫ਼ੇਜ਼-1 (ਮੋਹਾਲੀ ਦੇ ਕੂੜੇ ਵਾਲੇ ਚੌਕ) ਵਿਖੇ ਜੁੱਤੀਆਂ ਆਦਿ ਗੰਢਣ ਦਾ ਕੰਮ ਕਰਕੇ ਆਪਣਾ ਪੇਟ ਪਾਲਦੇ ਨੀਲੂ ਨਾਂ ਦੇ ਵਿਅਕਤੀ ਨੂੰ ਟਰਾਈ ਸਾਈਕਲ ਦਿੱਤੀ। ਨੀਲੂ ਛੇ-ਸੱਤ ਮਹੀਨੇ ਪਹਿਲਾ ਅੱਧਰੰਗ ਹੋਣ ਕਾਰਨ ਦਿਵਿਆਂਗ ਹੋ ਗਿਆ ਸੀ ਅਤੇ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਰਿਹਾ। ਨਾ ਉਸ ਦੀ ਕੋਈ ਦੇਖਭਾਲ ਕਰਨ ਵਾਲਾ ਸੀ।
ਆਨਰੇਰੀ ਸਕੱਤਰ-ਕਮ-ਸਹਾਇਕ ਕਮਿਸ਼ਨਰ ਤਰਸੇਮ ਚੰਦ ਨੇ ਸ੍ਰੀ ਨੀਲੂ ਨੂੰ ਟਰਾਈ ਸਾਈਕਲ ਮੁਹੱਈਆ ਕਰਵਾਇਆ ਅਤੇ ਰੈੱਡ ਕਰਾਸ ਸਟਾਫ਼ ਨੂੰ ਇਸ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਸ੍ਰੀ ਤਰਸੇਮ ਚੰਦ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਬਹੁਤ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿਵੇਂ ਕਿ ਜਨ ਔਸ਼ਧੀ ਸਟੋਰ, ਸਿਵਲ ਹਸਪਤਾਲ, ਮੋਹਾਲੀ ਅਤੇ ਖਰੜ੍ਹ ਵਿਖੇ ਚਲਾਏ ਜਾ ਰਹੇ ਹਨ, ਜਿੱਥੇ ਬਹੁਤ ਹੀ ਘੱਟ ਰੇਟ ਉਤੇ ਵਧੀਆ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਗਰੀਬ ਅਤੇ ਲੋੜਵੰਦ ਜਿਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਾ ਹੋਵੇ, ਉਨ੍ਹਾਂ ਨੂੰ ਰਾਸ਼ਨ, ਖਾਣ ਪੀਣ ਦੀਆਂ ਵਸਤਾਂ ਆਦਿ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਸਕੱਤਰ, ਰੈੱਡ ਕਰਾਸ ਵਲੋਂ ਦੱਸਿਆ ਗਿਆ ਕਿ ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੌਰਾਨ ਜ਼ਿਲ੍ਹੇ ਦੀ ਆਮ ਜਨਤਾ ਨੂੰ ਸਮੇਂ-ਸਮੇਂ ਉਤੇ ਮਾਸਕ, ਸੈਨੀਟਾਈਜ਼ਰ, ਸਾਬਣ ਆਦਿ ਵੰਡ ਕੇ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ।ਸਹਾਇਕ ਕਮਿਸ਼ਨਰ (ਜਨਰਲ) ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੋੜਵੰਦਾਂ ਲੋਕਾਂ ਜਿਨ੍ਹਾਂ ਦੀ ਮਦਦ ਕੀਤੀ ਜਾਣੀ ਅਤੀ ਜਰੂਰੀ ਹੋਵੇ, ਉਸ ਸਬੰਧੀ ਰੈੱਡ ਕਰਾਸ ਸੁਸਾਇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ।