ਰੂਪਨਗਰ, 6 ਜੁਲਾਈ 2021 ਪੰਜਾਬ ਦੇ ਵਾਤਾਵਰਨ ਵਿਚ ਸ਼ੁੱਧਤਾ ਲਿਆਉਣ ਅਤੇ ਇਸ ਨੂੰ ਆਲਮੀ ਤਪਸ਼ ਦੇ ਪ੍ਰਕੋਪ ਤੋਂ ਬਚਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਆਪਣੇ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲਗਾਤਾਰ ਯਤਨਸ਼ੀਲ ਹੈ। ਇਸ ਮੰਤਵ ਲਈ ਜਿਥੇ ਹਵਾ, ਪਾਣੀ ਅਤੇ ਜ਼ਮੀਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਨਾਲ ਹੀ ਪੇਂਡੂ ਕਾਮਿਆਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਕਰੋਨਾ ਕਾਲ ਦੇ ਆਰਥਿਕਤਾ ਤੇ ਪੈਣ ਵਾਲੇ ਪ੍ਰਭਾਵ ਤੋਂ ਵੀ ਮੁਕਤ ਕੀਤਾ ਜਾ ਰਿਹਾ ਹੈ।
ਇਸੇ ਸਿਲਸਿਲੇ ਵਿਚ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰ. ਅਵਤਾਰ ਸਿੰਘ ਭੁੱਲਰ ਵੱਲੋਂ ਅੱਜ ਰੋਪੜ ਦੇ ਬਾਈਪਾਸ ੳਪਰ ਸਜਾਵਟੀ ਬੂਟੇ ਲਗਾ ਕੇ ਇਸ ਦੀ ਦਿੱਖ ਨੂੰ ਸੁਧਾਰਨ, ਇਲਾਕੇ ਵਿਚ ਹਰਿਆਵਲ ਲੂੰ ਬੜ੍ਹਾਵਾ ਦੇਣ ਅਤੇ ਮਨਰੇਗਾ ਕਾਮਿਆਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ ਜਿਲ੍ਹੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਈਪਾਸ ਦੇ ਡਿਵਾਈਡਰ ਨੂੰ ਸਜਾਵਟੀ ਰੂਪ ਦੇਣ ਲਈ ਇਸ ਵਿਚ ਸਦਾ ਬਹਾਰ ਫੁੱਲਦਾਰ ਪੌਦੇ ਜਿਵੇਂ ਕਨੇਰ, ਟਕੋਮਾ ਅਤੇ ਬੋਗਨਵਿਲੀਆ ਦੀ ਪਲਾਂਟੇਸ਼ਨ ਕੀਤੀ ਜਾਵੇਗੀ। ਇਸ ਨਾਲ ਜਿਥੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਉਥੇ ਮਨਰੇਗਾ ਕਾਮਿਆਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇਗਾ।
ਇਸ ਸਮੇਂ ਸ੍ਰ. ਭੁੱਲਰ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਿਨੇਸ਼ ਵਸ਼ਿਸਟ, ਡੀਡੀਪੀਓ ਸ੍ਰ. ਬਰਜਿੰਦਰ ਸਿੰਘ, ਮਨਰੇਗਾ ਦੇ ਆਈ ਟੀ ਮੈਨੇਜਰ, ਟੈਕਨੀਕਲ ਅਸਿਸਟੈਟ ਅਤੇ ਏਪੀਓ ਵੀ ਹਾਜ਼ਰ ਸਨ। ਸ੍ਰੀ ਵਸ਼ਿਸਟ ਨੇ ਦੱਸਿਆ ਕਿ ਬਾਈਪਾਸ ਦੀ ਕੁੱਲ ਲੰਬਾਈ ਉਪਰ ਤਕਰੀਬਨ 10,000 ਫੁੱਲਦਾਰ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਕਰੀਬ 50 ਵਣ ਮਿਤਰ ਮਨਰੇਗਾ ਵਿਚੋਂ ਰੋਜ਼ਗਾਰ ਪ੍ਰਾਪਤ ਕਰ ਸਕਣਗੇ। ਜ਼ੁਆਇੰਟ ਡਾਇਰੈਕਟਰ ਸ੍ਰ. ਭੁੱਲਰ ਨੇ ਬਰਸਾਤ ਦੇ ਆਉਣ ਵਾਲੇ ਸੀਜ਼ਨ ਦੌਰਾਨ ਪਿੰਡਾਂ ਵਿਚ ਮੁਹਿੰਮ ਦੇ ਤੌਰ ਤੇ ਪਲਾਂਟੇਸ਼ਨ ਕਰਨ ਦਾ ਸੰਦਾ ਦਿੱਤਾ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਇਸ ਸੀਜ਼ਨ ਵਿਚ ਨਹਿਰਾਂ, ਸੜਕਾਂ ਅਤੇ ਸਾਂਤੇ ਥਾਵਾਂ ਦੇ ਕਿਨਾਰੇ ਤੇ ਹਰ ਸੰਭਵ ਤਰੀਕੇ ਨਾਲ ਪਲਾਂਟੇਸ਼ਨ ਕੀਤੀ ਜਾਵੇਗੀ।