ਚੇਅਰਮੈਨ ਰਮਨ ਬਹਿਲ ਵਲੋਂ ਲੋਕਾਂ ਨੂੰ ਅਪੀਲ-ਗਲਤ ਸਿਸਟਮ ਨੂੰ ਠੀਕ ਕਰਨ ਦਾ ਯਤਨ ਕਰੋ ਨਹੀਂ ਤਾਂ ਉਸਦਾ ਹਿੱਸਾ ਵੀ ਨਾ ਬਣੋ
‘ਕਾਮਨ ਹੈਲਥ ਸੈਂਟਰ’ ਅਤੇ ‘ਕੈਰੀਅਰ ਕਾਊਂਸਲਿੰਗ’ ਪ੍ਰੋਗਰਾਮ ਜਲਦ ਸ਼ੁਰੂ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 41ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ
ਗੁਰਦਾਸਪੁਰ, 16 ਮਈ ( ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 41ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ, ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਨੇ ਸ਼ਿਰਕਤ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਸਮਾਜ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ ਅਤੇ ਮੋਜੂਦਾ ਕੋਰੋਨਾ ਮਹਾਂਮਾਰੀ ਸੰਕਟ ਦੋਰਾਨ ਸਰਕਾਰ ਤੇ ਪ੍ਰਸ਼ਾਸਨ ਨਾਲ ਵੱਧ ਤੋਂ ਵੱਧ ਸਹਿਯੋਗ ਕਰੇ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਪਾਲ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਰਮਿੰਦਰ ਸਿੰਘ ਸੈਣੀ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ’ ਦੀ ਸਰਾਹਨਾ ਕਰਦਿਆਂ ਕਿਹਾ ਕਿ ਨੋਜਵਾਨ ਪੀੜ੍ਹੀ ਲਈ ਇਹ ਪ੍ਰੋਗਰਾਮ ਬਹੁਤ ਲਾਹੰਵੰਦ ਸਾਬਤ ਹੋਇਆ ਹੈ। ਉਨਾਂ ਐਸ.ਐਸ.ਐਸ. ਬੋਰਡ ਵਲੋਂ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਖੇਤਰਾਂ ਵਿਚ ਨੋਕਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਬੋਰਡ ਵਲੋਂ ਨੋਕਰੀਆਂ ਦਾ ਪਿਟਾਰਾ ਖੋਲਿ੍ਹਆ ਗਿਆ ਹੈ ਅਤੇ ਵੱਖ-ਵੱਖ ਵਿਭਾਗਾਂ ਵਿਚ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਨਾਲ ਹੀ ਉਨਾਂ ਕਿਹਾ ਕਿ ਐਸ.ਐਸ.ਐਸ. ਬੋਰਡ ਵਲੋਂ ਕੱਢੀਆਂ ਜਾਂਦੀਆਂ ਨੋਕਰੀਆਂ ਵਿਚ ਮਾਝਾ ਖੇਤਰ ਖਾਸਕਰਕੇ ਗੁਰਦਾਸਪੁਰ, ਅੰਮਿ੍ਰਤਸਰ, ਤਰਨਤਾਰਨ ਅਤੇ ਪਠਾਨਕੋਟ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਅਤੇ ਇਸ ਦਾ ਕਾਰਨ ਉਹ ਪ੍ਰੀਖਿਆਰਥੀਆਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਾ ਕੀਤੇ ਜਾਣ ਨੂੰ ਮੰਨਦੇ ਹਨ।
ਉਨਾਂ ਅੱਗੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਵਿਅਕਤੀ ਜਿਥੇ ਆਪਣੇ ਕਾਰੋਬਾਰ ਜਾਂ ਨੋਕਰੀ ਆਦਿ ਵਿਚ ਰੁੱਝਿਆ ਰਹਿੰਦਾ ਹੈ ਪਰ ਉਸਨੂੰ ਸਮਾਜ ਦੀ ਬਿਹਤਰੀ ਲਈ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਬਣਦਾ ਯੋਗਦਾਨ ਪਾਉਣ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਬੇਸ਼ੱਕ ਸਿਸਟਮ ਵਿਚ ਘਾਟਾਂ ਹੋ ਸਕਦੀਆਂ ਹਨ ਪਰ ਉਸਨੂੰ ਠੀਕ ਵੀ ਸਾਰਿਆਂ ਨੂੰ ਮਿਲ ਕੇ ਕਰਨਾ ਪਵੇਗਾ ਅਗਰ ਅਸੀ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ ਹੀ ਨਹੀਂ ਕਰਦੇ ਤਾਂ ਸਾਨੂੰ ਉਸ ਸਿਸਟਮ ਦਾ ਹਿੱਸਾ ਵੀ ਨਹੀਂ ਬਣਨਾ ਚਾਹੀਦਾ ਹੈ। ਕੋਰੋਨਾ ਸੰਕਟ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਜਿਥੇ ਕੋਰੋਨਾ ਬਿਮਾਰੀ ਵਿਰੁੱਧ ਠੋਸ ਉਪਰਾਲੇ ਕੀਤੇ ਹਨ ਉਸਦੇ ਨਾਲ ਪੀੜਤਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸਹੂਲਤ ਪੁਜਦਾ ਕੀਤੀ ਗਈ ਹੈ।
ਗੁਰਦਾਸਪੁਰ ਜਿਲੇ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪ੍ਰਸ਼ਾਸਨ ਵਲੋਂ ਕੀਤੇ ਗਏ ਸਾਰਥਕ ਯਤਨਾਂ ਸਦਕਾ ਬਾਕੀ ਜ਼ਿਲਿ੍ਹਆਂ ਦੇ ਮੁਕਾਬਲੇ ਗੁਰਦਾਸਪੁਰ ਜਿਲੇ ਦੀ ਸਥਿਤੀ ਕੁਝ ਬਿਹਤਰ ਹੈ ਪਰ ਫਿਰ ਵੀ ਜਿਲਾ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤੇ ਲਾਪਰਵਾਹੀ ਬਿਲਕੁਲ ਨਹੀਂ ਵਰਤਣੀ ਚਾਹੀਦੀ। ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇੱਕਜੁੱਟ ਹੋ ਕੇ ਕੋਵਿਡ ਬਿਮਾਰੀ ਵਿਰੁੱਧ ਹੰਭਲਾ ਮਾਰਨਾ ਚਾਹੀਦਾ ਹੈ। ਉਨਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਦੁਨੀਆਂ ਜਲਦ ਤੋਂ ਜਲਦ ਇਸ ਬਿਮਾਰੀ ਤੋਂ ਨਿਜਾਤ ਪਾਵੇ ਅਤੇ ਦੁਬਾਰਾ ਫਿਰ ਲੋਕ ਹੱਸਦੇ-ਵੱਸਦੇ ਤਰੱਕੀ ਕਰਨ ਅਤੇ ਅੱਗੇ ਵੱਧਣ। ਉਨਾਂ ਅਚੀਵਰਜ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਹਿਮਾਨੀ ਗੁਰਦਾਸਪੁਰ ਪਬਲਿਕ ਸਕੂਲ ਦੀ ਵਿਦਿਆਰਥਣ ਰਹੀ ਹੈ ਅਤੇ ਉਨਾਂ ਨੂੰ ਦੋਨਾਂ ਬੱਚੀਆਂ ਉੱਪਰ ਮਾਣ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੇਅਰਮੈਨ ਰਮਨ ਬਹਿਲ ਅਤੇ ਅਚੀਵਰਜ਼ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜ਼ਿਲਾ ਵਾਸੀਆਂ ਤੇ ਖਾਸਕਰਕੇ ਨੋਜਵਾਨ ਪੀੜ੍ਹੀ ਨੂੰ ਇਸ ਸੰਕਟ ਦੇ ਸਮੇਂ ਦੌਰਾਨ ਸਕਾਰਾਤਮਕ ਸੋਚ ਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਉਨਾਂ ਅੱਗੇ ਦੱਸਿਆ ਕਿ ਨੋਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਅੱਗੇ ਵੱਧਣ ਦੇ ਮੰਤਵ ਨਾਲ ਉਨਾਂ ਨੂੰ ਗਾਈਡੈਂਸ ਦੇਣ ਦੇ ਮੰਤਵ ਨਾਲ ‘ਕੈਰੀਅਰ ਕਾਊਂਸਲਿੰਗ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਜ਼ਿਲਾ ਰੋਜ਼ਗਾਰ ਅਫਸਰ, ਜ਼ਿਲਾ ਸਿੱਖਿਆ ਅਫਸਰ ਸਮੇਤ ਵੱਖ-ਵੱਖ ਮਾਹਿਰਾਂ ਦੇ ਪੈਨਲ ਵਲੋਂ ਗਾਈਡੈਂਸ ਦਿੱਤੀ ਜਾਵੇਗੀ ਅਤੇ ਇਸੇ ਤਰਾਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ‘ਕਾਮਨ ਹੈਲਥ ਸੈਂਟਰ’ ਪ੍ਰੋਗਰਾਮ ਰਾਹੀਂ ਜਿਲ੍ਹਾ ਰੈੱਡ ਕਰਾਸ, ਜ਼ਿਲ੍ਹਾ ਖੇਡ ਅਫਸਰ, ਕੋਚ, ਸਪੈਸ਼ਲਿਟ ਡਾਕਟਰ ਆਦਿ ਵਲੋਂ ਸੰਤੁਲਿਤ ਖੁਰਾਕ (ਡਾਈਟ) ਆਦਿ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ, ਜਿਸ ਲਈ ਉਨਾਂ ਜ਼ਿਲਾ ਰੈੱਡ ਕਰਾਸ ਦੇ ਸਕੱਤਰ ਰਾਜੀਵ ਕੁਮਾਰ ਨੂੰ ਇਸ ਬਾਬਤ ਅਗਲੇ ਹਫਤੇ ਤੋਂ ਕਾਰਵਾਈ ਸ਼ੁਰੂ ਕਰਨ ਲਈ ਕਿਹਾ। ਉਨਾਂ ਅੱਗੇ ਕਿਹਾ ਕਿ ਇਸ ਨਾਲ ਘਰਾਂ ਵਿਚ ਏਕਾਂਵਾਸ ਹੋਏ ਪੀੜਤਾਂ ਨੂੰ ਇਸ ਪ੍ਰੋਗਰਾਮ ਦਾ ਬਹੁਤ ਲਾਭ ਮਿਲੇਗਾ ਤੇ ਇਹ ਆਪਣੇ ਖਾਣ-ਪੀਣ ਦਾ ਚੰਗੀ ਤਰਾਂ ਖਿਆਲ ਰੱਖ ਸਕਣਗੇ।
ਇਸ ਮੌਕੇ ਪਹਿਲੇ ਅਚੀਵਰਜ਼ ਹਿਮਾਨੀ, ਸ਼ਹੀਦ ਭਗਤ ਸਿੰਘ ਨਗਰ, ਜੇਲ੍ਹ ਰੋਡ ਗੁਰਦਾਸਪੁਰ ਦੀ ਵਸਨੀਕ ਹੈ ਨੇ ਦੱਸਿਆ ਕਿ ਉਸਨੇ ਦੱਸਵੀਂ ਜਮਾਤ ਗੁਰਦਾਸਪੁਰ ਪਬਲਿਕ ਸਕੂਲ ਤੋਂ 8.67 ਸੀਜੀਪੀਏ ਅੰਕਾਂ ਨਾਲ ਅਤੇ ਬਾਹਰਵੀਂ ਜਮਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੁਰਦਾਸਪੁਰ ਤੋਂ 83 ਫੀਸਦ ਅੰਕ ਲੈ ਕੇ ਪਾਸ ਕੀਤੀ। ਉਪਰੰਤ ਐਮ.ਬੀ.ਏ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ ਕੈਂਪਸ ਤੋਂ ਪਾਸ ਕੀਤੀ। ਯੂ.ਜੀ.ਸੀ ਨੈੱਟ ਕੁਆਲੀਫਾਈਡ ਕੀਤਾ ਅਤੇ ਹੁਣ ਸੁਬਾਰਡੀਨੇਟਰ ਸਟਾਫ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਵਿਚ ‘ਜੇਲ੍ਹ ਸਹਾਇਕ ਸੁਪਰਡੈਂਟ’ ਲਈ ਕੁਆਲੀਫਾਈਡ ਕੀਤਾ ਹੈ। ਉਸਨੇ ਐਸ.ਐਸ.ਐਸ. ਬੋਰਡ ਵਲੋਂ ਲਈ ਗਈ ਪ੍ਰੀਖਿਆ ਬਾਰੇ ਦੱਸਿਆ ਕਿ ਪ੍ਰੀਖਿਆ ਬਹੁਤ ਹੀ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਹੋਈ ਅਤੇ ਪ੍ਰੀਖਿਆ ਕੇਂਦਰ ਵਿਚ ਜੈਮਰ ਆਦਿ ਦੇ ਪ੍ਰਬੰਧ ਸਨ ਅਤੇ ਚੱਪ-ਚੱਪੇ ’ਤੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਦੇ ਪ੍ਰਬੰਧ ਕੀਤੇ ਗਏ ਸਨ। ਉਸਨੇ ਬੋਰਡ ਵਲੋਂ ਕੀਤੇ ਗਏ ਅਜਿਹੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਚੇਅਰਮਨ ਰਮਨ ਬਹਿਲ ਦੀ ਅਗਵਾਈ ਹੇਠ ਬੋਰਡ ਵਲੋਂ ਵੱਖ-ਵੱਖ ਵਿਭਾਗਾਂ ਵਿਚ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਨਿਰਪੱਖ ਤਰੀਕੇ ਨਾਲ ਮੋਕੇ ਪ੍ਰਦਾਨ ਕੀਤੇ ਗਏ ਹਨ। ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਲੜਕੀਆਂ ਨੂੰ ਨੋਕਰੀਆਂ ਵਿਚ ਰਾਖਵਾਂਕਰਨ ਕਰਨ ਨਾਲ ਅੋਰਤਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਉੁਸਨੇ ਅੱਗੇ ਕਿਹਾ ਕਿ ਜਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਨਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਪ੍ਰੇਰਨਾ ਸਦਕਾ ਅਸੀ ਅਸਫਲਤਾ ਨੂੰ ਦਰਕਿਨਾਰ ਕਰਦੇ ਹੋਏ ਸਫਲਤਾ ਵੱਲ ਵੱਧਦੇ ਹਾਂ। ਉਸਨੇ ਆਪਣੇ ਪਰਿਵਾਰ ਨੂੰ ਆਪਣਾ ਪ੍ਰੇਰਨਾ ਸਰੋਤ ਦੱਸਿਆ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਅੱਗੇ ਵੱਧਣ ਦੇ ਬਰਾਬਰ ਮੋਕੇ ਦੇਣ। ਬੇਟੀਆਂ ਨੂੰ ਸਰੀਰਕ ਤੇ ਮਾਨਸਿਕ ਤੋਰ ਤੇ ਸ਼ਕਤੀਸ਼ਾਲੀ ਬਣਾਓ। ਬੇਟੀਆਂ ਨੂੰ ਜਿੰਮ ਜੁਆਇੰਨ ਕਰਵਾਓ ਅਤੇ ਸੰਤੁਲਤ ਖੁਰਾਕ ਵੱਲ ਧਿਆਨ ਦਿਓ। ਹਿਮਾਨੀ ਵਲੋਂ ਡਿਪਟੀ ਕਮਿਸ਼ਨਰ ਨੂੰ ਜਿਲੇ ਅੰਦਰ ‘ਕਾਮਨ ਹੈਲਥ ਸੈਂਟਰ’ਪ੍ਰੋਗਰਾਮ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਡਿਪਟੀ ਕਮਿਸ਼ਨਰ ਵਲੋਂ ਮੋਕੇ ਤੇ ਸ਼ੁਰੂ ਕਰਨ ਲਈ ਜ਼ਿਲਾ ਰੇੱਡ ਕਰਾਸ ਨੂੰ ਕਿਹਾ, ਜੋ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ। ਹਿਮਾਨੀ ਨੇ ਡਿਪਟੀ ਕਮਿਸ਼ਨਰ ਵਲੋ ਮੋਕੇ ਤੇ ਹੀ ਉਸਦੀ ਮੰਗ ਮੰਨਣ ਤੇ ਧੰਨਵਾਦ ਕੀਤਾ।
ਦੂਸਰੇ ਅਚੀਵਰਜ਼ ਰਮਨਦੀਪ ਕੋਰ, ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸਨੇ ਸਾਲ 2016 ਵਿਚ 10ਵੀਂ ਜਮਾਤ ਵਿਚੋਂ 94 ਫੀਸਦ ਅਤੇ 12ਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 90.22 ਫੀਸਦ ਅੰਕ ਲੈ ਕੇ ਪਾਸ ਕੀਤੀ। ਹੁਣ ਖਾਲਸਾ ਕਾਲਜ ਅੰਮਿ੍ਰਤਸਰ ਵਿਖੇ ਬੀ.ਐਸ.ਸੀ (ਨਾਨ ਮੈਡੀਕਲ) ਦੀ ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸਨੇ ਕਿਹਾ ਕਿ ਜ਼ਿੰਦਗੀ ਵਿਚ ਪੜ੍ਹਾਈ ਦਾ ਬਹੁਤ ਮਹੱਤਵ ਹੈ। ਪੜ੍ਹਣ ਲਈ ਆਪਣਾ ਟਾਈਮ ਟੇਬਲ ਬਣਾਉ। ਉਸਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਅਧਿਆਪਕ ਬਣੇ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰੇ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।