ਵੈਕਸੀਨ ਲਈ 430 ਰੁਪਏ ਫੀਸ ਕੇਵਲ ਉਨ੍ਹਾਂ ਲਈ ਜੋ ਨਿਰਧਾਰਤ ਕੈਟਾਗਰੀਆਂ ਵਿੱਚ ਨਹੀਂ ਆਉਂਦੇ ਜਾਂ ਕੋਈ ਵਿਅਕਤੀ ਆਪਣੀ ਵਾਰੀ ਤੋਂ ਪਹਿਲਾਂ ਵੈਕਸੀਨ ਲਗਵਾਉਣੀ ਚਾਹੁੰਦਾ
ਬਟਾਲਾ, 5 ਜੂਨ 2021 ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਵੀ ਕੈਟਾਗਰੀਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਪੂਰੇ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵੱਲੋਂ ਜੋ 430 ਰੁਪਏ ਫੀਸ ਲੈ ਕੇ ਵੈਕਸੀਨ ਲਗਾਈ ਜਾ ਰਹੀ ਹੈ ਉਹ ਕੇਵਲ ਉਨ੍ਹਾਂ ਵਿਅਕਤੀਆਂ ਲਈ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਗੈਟਾਗਰੀਆਂ ਵਿੱਚ ਨਹੀਂ ਆਉਂਦੇ ਜਾਂ ਉਹ ਵਿਅਕਤੀ ਜੋ ਆਪਣੀ ਵਾਰੀ ਤੋਂ ਪਹਿਲਾਂ ਜਲਦੀ ਵੈਕਸੀਨ ਲਗਵਾਉਣੀ ਚਾਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਮੀਡੀਆ ਦੇ ਇੱਕ ਹਿੱਸੇ ਵਿੱਚ ਜੋ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਕਿ ਵੈਕਸੀਨ ਪੈਸੇ ਲੈ ਕੇ ਲਗਾਈ ਜਾ ਰਹੀ ਹੈ ਇਹ ਬਿਲਕੁਲ ਨਿਰਅਧਾਰ ਹੈ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਅਤੇ ਜਿਹੜੀਆਂ ਕੈਟਾਗਰੀਆਂ ਨੂੰ ਸਰਕਾਰ ਵੱੱੱੱਲੋਂ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਹੈ ਉਹ ਯੋਗ ਵਿਅਕਤੀ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਮੁਫ਼ਤ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਰੈੱਡ ਕਰਾਸ ਵੱਲੋਂ ਵੈਕਸੀਨ ਦੀ 430 ਰੁਪਏ ਦੀ ਫੀਸ ਕੇਵਲ ਉਨ੍ਹਾਂ ਵਿਅਕਤੀਆਂ ਕੋਲੋਂ ਲਈ ਜਾ ਰਹੀ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀਆਂ ਵਿੱਚ ਨਹੀਂ ਆਉਂਦੇ, ਜਾਂ ਕੁਝ ਵਿਅਕਤੀ ਜਿਨ੍ਹਾਂ ਵਿਦੇਸ਼ ਜਾਣਾ ਹੁੰਦਾ ਹੈ ਅਤੇ ਉਹ ਜਲਦੀ ਵੈਕਸੀਨ ਲਗਵਾਉਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਲੱਗ ਰਹੀ ਹੈ।