ਸਿਵਲ ਸਰਜਨ ਬਰਨਾਲਾ ਵੱਲੋਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਹੋਰ ਅੱਗੇ ਆਉਣ ਦੀ ਅਪੀਲ
ਬਰਨਾਲਾ, 30 ਅਗਸਤ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲੇ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ’ਤੇ ਅੱਖਾਂ ਦੇ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਲੋਕਾਂ ਦੀ ਸਿਹਤ ਪ੍ਰਤੀ ਹਰ ਉਹ ਕਦਮ ਚੁੱਕਣ ਲਈ ਵਚਨਬੱਧ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਵੇ। ਉਨਾਂ ਕਿਹਾ ਕਿ ਚਿੱਟੇ ਮੋਤੀਏ ਤੇ ਅੱਖਾਂ ਦੀ ਸਮੱਸਿਆ ਆਮ ਗੱਲ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਪਰਮਜੀਤ ਸਿੰਘ ਖਾਲਸਾ ਤੇ ਉਨਾਂ ਦੇ ਹੋਰ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਐਸ.ਐਮ.ਓ. ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਵਿੱਚ ਲਾਏ ਕੈੈਂਪ ’ਚ ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ, ਡਾ. ਅਮੋਲਦੀਪ ਕੌਰ ਦੀ ਟੀਮ ਵੱਲੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਨਾਂ ਵਿੱਚੋਂ 40 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਪਹਿਚਾਣ ਹੋਈ। ਇਸ ਤੋਂ ਇਲਾਵਾ ਸਲਾਨਾ ਬਰਸੀ ਬਾਬਾ ਜਸਵੰਤ ਸਿੰਘ ਮੌਕੇ ਗੁਰੁਦੁਆਰਾ ਨਾਨਕਸਰ ਬਰਨਾਲਾ ਵਿਖੇ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿਸ ਵਿੱਚੋਂ 60 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੀ ਪਹਿਚਾਣ ਹੋਈ। ਚਿੱਟੇ ਮੋਤੀਏ ਦੀ ਪਹਿਚਾਣ ਵਾਲੇ ਮਰੀਜ਼ਾਂ ਦਾ ਮੁਫਤ ਆਪਰੇਸ਼ਨ ਜਲਦ ਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਵੇਗਾ। ਸਿਹਤ ਵਿਭਾਗ ਦੀ ਟੀਮ ਵੱਲੋਂ ਇਨਾਂ ਕੈਂਪਾਂ ਦੌਰਾਨ ਮੁਫਤ ਦਵਾਈਆਂ ਤੇ ਐਨਕਾਂ ਵੀ ਵੰਡੀਆਂ ਗਈਆਂ।
ਚਿੱਟੇ ਮੋਤੀਏ ਵਿਰੁੱਧ ਵਿੱਢੀ ਇਸ ਮੁਹਿੰਮ ਦੌਰਾਨ ਡਾ. ਔਲਖ ਨੇ ਜ਼ਿਲਾ ਬਰਨਾਲਾ ਦੀਆਂ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਉਹ ਸਿਹਤ ਵਿਭਾਗ ਬਰਨਾਲਾ ਨਾਲ ਜ਼ਿਲੇ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਅੱਖਾਂ ਦੇ ਵਿਸ਼ੇਸ਼ ਕੈਂਪ ਲਵਾਉਣ ਲਈ ਅੱਗੇ ਆਉਣ।