ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਬਰਨਾਲਾ
ਜ਼ਿਲਾ ਮੈਜਿਸਟ੍ਰੇਟ ਵੱਲੋਂ ਹੇਅਰ ਸੈਲੂਨ ਖੋਲਣ ਸਬੰਧੀ ਹੁਕਮ ਜਾਰੀ
ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨਾ ਹੋਵੇਗਾ ਲਾਜ਼ਮੀ
ਬਰਨਾਲਾ, 12 ਮਈ , 2021 ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਬਰਨਾਲਾ ਅਧੀਨ ਪਿਛਲੇ ਦਿਨਾਂ ਦੌਰਾਨ ਜਾਰੀ ਕੀਤੇ ਦੁਕਾਨਾਂ ਖੋਲਣ ਸਬੰਧੀ ਹੁਕਮਾਂ ਦੀ ਲਗਾਤਾਰਤਾ ਦੌਰਾਨ ਹੀ ਗਰੁੱਪ ਏ ਤਹਿਤ ਹੀ ਹੇਅਰ ਸੈਲੂਨ ਦੀਆਂ ਦੁਕਾਨਾਂ ਹਰ ਸੋਮਵਾਰ ਅਤੇ ਸੁੱਕਰਵਾਰ ਨੂੰ ਅਤੇ ਮਹੀਨੇ ਦੀ 1 ਤਰੀਕ ਤੋਂ ਲੈ ਕੇ 15 ਤਰੀਕ ਦੌਰਾਨ ਆਉਂਦੇ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਹੇਅਰ ਸਲੂਨ ਵਿੱਚ ਕੰਮ ਕਰਦੇ ਸਮੂਹ ਵਰਕਰਾਂ ਨੂੰ ਮਾਸਕ ਪਾਉਣਾ, ਦਸਤਾਨੇ ਪਹਿਨਣਾ ਅਤੇ ਵਰਤੇ ਜਾਣ ਵਾਲੇ ਸਾਰੇ ਔਜਾਰਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਇੱਕ ਸਮੇਂ ਦੁਕਾਨ ਵਿੱਚ ਸਿਰਫ਼ 2 ਗ੍ਰਾਹਕ ਹੀ ਦਾਖਲ ਹੋ ਸਕਣਗੇ, ਜੋ ਕਿ ਆਪਸ ਵਿੱਚ 6 ਫੁੱਟ ਦੀ ਦੂਰੀ ਨਾਲ ਬੈਠੇ ਹੋਣਾ ਲਾਜ਼ਮੀ ਹੋਵੇਗਾ।
ਜਾਰੀ ਹੁਕਮਾਂ ਅਨੁਸਾਰ ਸਪਾ/ਮਸਾਜ ਸੈਂਟਰ ਖੁੱਲਣ ਦੀ ਆਗਿਆ ਨਹੀਂ ਹੋਵੇਗੀ।
ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈ.ਪੀ.ਸੀ. ਦੀ ਧਾਰਾ 188 ਅਤੇ ਡਿਸਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।