ਮੁਫਤ ਸਿਖਲਾਈ ਦੇ ਨਾਲ ਮਿਲੇਗਾ 2500 ਰੁਪਏ ਪ੍ਰਤੀ ਮਹੀਨਾ ਭੱਤਾ
ਬਰਨਾਲਾ, 4 ਸਤੰਬਰ 2021
ਪੰਜਾਬ ਸਰਕਾਰ ਵੱਲੋਂ ਜ਼ਿਲਾ ਬਰਨਾਲਾ ਵਿੱਚ ‘ਮੇਰਾ ਕੰਮ, ਮੇਰਾ ਮਾਣ’ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜ਼ਿਲੇ ਵਿੱਚ ਰਜਿਸਟਰਡ ਕਿਰਤੀ ਕਾਮਿਆਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਬਰਨਾਲਾ ਦੁਆਰਾ ਮੁਫ਼ਤ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਭੱਤਾ ਵੀ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਪੀ.ਐਸ.ਡੀ.ਐਮ ਵੱਲੋਂ 18 ਤੋਂ 35 ਸਾਲ ਦੇ ਰਜਿਸਟਰਡ ਲੇਬਰ ਕਲਾਸ ਵਿਅਕਤੀਆਂ ਨੂੰ (ਮੁਫਤ ਕਿੱਤਾਮੁਖੀ ਸਿਖਲਾਈ) 3 ਮਹੀਨੇ ਤੋਂ 6 ਮਹੀਨੇ ਦਾ ਕੋਰਸ ਕਰਾਇਆ ਜਾਵੇਗਾ। ਮਿਸ਼ਨ ਮੈਨੇਜਰ ਸ੍ਰੀ ਕੰਵਲਦੀਪ ਵਰਮਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਅਧੀਨ 18 ਤੋਂ 35 ਸਾਲ ਦੇ 7376 ਅਤੇ 36 ਤੋਂ 45 ਸਾਲ ਦੇ 2453 ਰਜਿਸਟਰਡ ਕਾਮੇ ਹਨ। ਉਨਾਂ ਨੇ ਦੱਸਿਆ ਕਿ ਇਨਾਂ ਕਾਮਿਆਂ ਨੂੰ ਸਕਿਉਰਿਟੀ ਸਬੰਧੀ, ਪੈਕਰ, ਆਪਰੇਟਰ, ਬਿਊਟੀ ਥੈਰੇਪਿਸਟ ਆਦਿ ਕੋਰਸਾਂ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ। ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਨਾਂ ਨੂੰ ਇੱਕ ਇਮਤਿਹਾਨ ਵੀ ਪਾਸ ਕਰਨਾ ਹੋਵੇਗਾ, ਜਿਸ ਉਪਰੰਤ ਇਨਾਂ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਦਿੱਤਾ ਜਾਵੇਗਾ ਅਤੇ ਨੌਕਰੀ ਦਿਵਾਉਣ ਵਿੱਚ ਸਹਾਇਤਾ ਕੀਤੀ ਜਾਵੇਗੀ।
ਟ੍ਰੇਨਿੰਗ ਅਤੇ ਪਲੇਸਮੈਂਟ ਮੈਨੇਜਰ ਸ੍ਰੀ ਗੌਰਵ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਸਿਰਫ਼ ਬਿਲਡਿੰਗ ਕੰਸਟਰਕਸ਼ਨ ਵਰਕਰਜ਼ (ਬੀ.ਓ.ਸੀ.ਡਬਲਿਊ ਦੇ ਰਜਿਸਟ੍ਰਡ ਵਰਕਰ) ਨੂੰ ਹੀ ਦਿੱਤਾ ਜਾਵੇਗਾ। ਯੋਜਨਾ ਤਹਿਤ ਕੌਂਸਲਿੰਗ ਸੁਰੂ ਕੀਤੀ ਜਾ ਚੁੱਕੀ ਹੈ ਤਾਂ ਜੋ ਲੋੜਵੰਦ ਸਿੱਖਿਆਰਥੀਆਂ ਨੂੰ ਮੁਫਤ ਸਕਿੱਲ ਟਰੇਨਿੰਗ ਦੇਣ ਲਈ ਚੁਣਿਆ ਜਾ ਸਕੇ। ਵਧੇਰੇ ਜਾਣਕਾਰੀ ਲਈ ਮੈਡਮ ਰੈਨੂੰ ਬਾਲਾ ਮੈਨੇਜਰ (ਮੋਬਲਾਈਜ਼ੇਸ਼ਨ) ਨਾਲ 9465831007 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।