• ਓ.ਆਰ.ਐਸ. ਪੈਕਟਾਂ ਦੀ ਵੰਡ ਲਈ ਡਿੱਪੂ ਖੋਲ੍ਹਿਆ
• ਅੱਠ ਮਰੀਜ਼ ਸਿਵਲ ਹਸਪਤਾਲ ਰੈਫ਼ਰ
ਡੇਰਾਬੱਸੀ, 11 ਅਕਤੂਬਰ 2021
ਕੂੜਾਂਵਾਲਾ ਇਲਾਕੇ ਵਿੱਚ ਡਾਇਰੀਆ ਦੇ ਕੇਸ ਨਸ਼ਰ ਹੋਣ `ਤੇ ਅੱਜ ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਡੇਰਾਬੱਸੀ ਡਾ. ਸੰਗੀਤਾ ਜੈਨ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੈਨ ਨੇ ਦੱਸਿਆ ਕਿ ਪ੍ਰਭਾਵਿਤ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਸਪਲਾਈ ਨੂੰ ਅੰਡਰਗਰਾਊਂਡ ਟੈਂਕ ਬਣਾ ਕੇ ਸਟੋਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਾਫ਼ ਸਫ਼ਾਈ ਦੀ ਕਮੀ ਪਾਈ ਗਈ। ਇਸ ਉਤੇ ਐਸ.ਡੀ.ਐਮ. ਕੁਲਦੀਪ ਬਾਵਾ ਨੇ ਤੁਰੰਤ ਸਬੰਧਤ ਕਲੋਨੀਆਂ ਦੇ ਮਾਲਕਾਂ ਨੂੰ ਤਲਬ ਕੀਤਾ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕਲੋਨੀਆਂ ਦੇ ਮਾਲਕਾਂ ਨੂੰ ਪਾਣੀ ਦੀ ਸਪਲਾਈ ਬੰਦ ਕਰਕੇ ਬਾਹਰੋਂ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਡਾ. ਉਪਾਸਨਾ ਦੀ ਅਗਵਾਈ ਹੇਠ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਅਤੇ ਐਮ.ਪੀ.ਐਚ.ਡਬਲਿਯੂ ਤੇ ਆਸ਼ਾ ਵਰਕਰਾਂ ਰਾਹੀਂ ਕਲੋਨੀਆਂ ਦਾ ਸਰਵੇ ਵੀ ਕਰਵਾਇਆ ਗਿਆ।
ਸਰਵੇ ਦੌਰਾਨ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਅਤੇ ਓ.ਆਰ.ਐਸ. ਡਿੱਪੂ ਵੀ ਖੋਲ੍ਹੇ ਗਏ, ਜਿਸ ਵਿੱਚ ਲੋਕਾਂ ਨੂੰ 24 ਘੰਟੇ ਓ.ਆਰ.ਐਸ. ਦੇ ਪੈਕਟ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਕੁੱਲ ਓਪੀਡੀ- 265, ਬੁਖਾਰ ਦੇ ਮਰੀਜ਼- 6, ਦਸਤ ਦੇ ਮਰੀਜ਼- 32 ਪਾਏ ਗਏ, ਜਿਨ੍ਹਾਂ ਵਿੱਚੋਂ 8 ਮਰੀਜ਼ਾਂ ਵਿੱਚ ਪਾਣੀ ਦੀ ਕਮੀ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਰੈਫਰ ਕੀਤਾ ਗਿਆ। ਇਸ ਤੋਂ ਇਲਾਵਾ ਰਜਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਫੀਲਡ ਟੀਮਾਂ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ, ਜਿਸ ਵਿੱਚ 400 ਘਰਾਂ ਦਾ ਸਰਵੇ ਕੀਤਾ ਗਿਆ, ਓ.ਆਰ.ਐਸ ਦੇ 350 ਪੈਕਟ ਵੰਡੇ ਗਏ ਅਤੇ ਕਲੋਰੀਨ ਦੀਆਂ 1500 ਗੋਲੀਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਪਾਣੀ ਦੀ ਜਾਂਚ ਲਈ ਪ੍ਰਭਾਵਿਤ ਕਲੋਨੀਆਂ ਤੋਂ 5 ਸੈਂਪਲ ਭਰੇ ਗਏ, ਜਿਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਸ ਮੌਕੇ ਸੁਖਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਲੋਕਾਂ ਨੂੰ ਸਿਹਤ ਸਿੱਖਿਆ ਪ੍ਰਤੀ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਪਾਣੀ ਦੇ ਸੋਮਿਆਂ ਨੂੰ ਵੀ ਸਾਫ਼ ਸੁਥਰਾ ਰੱਖਿਆ ਜਾਵੇ। ਪਾਣੀ ਉਬਾਲ ਕੇ ਹੀ ਪੀਤਾ ਜਾਏ। ਗੰਭੀਰ ਦਸਤ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਕਾਰਨ ਪਾਣੀ ਦੀ ਕਮੀ ਹੋ ਜਾਂਦੀ ਹੈ। ਬੱਚਿਆਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਫੈਲਦੀ ਹੈ, ਜਿਸ ਦੀਆਂ ਨਿਵਾਨੀਆਂ ਮੂੰਹ ਖ਼ੁਸ਼ਕ ਹੋਣਾ, ਅੱਖਾਂ ਅੰਦਰ ਨੂੰ ਧੱਸ ਜਾਣੀਆਂ, ਆਮ ਵਾਂਗ ਪਿਸ਼ਾਬ ਨਾ ਕਰਨਾ, ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ, ਇੱਕ ਸਾਲ ਤੋਂ ਛੋਟੇ ਬਾਲ ਦੇ ਸਿਰ ਦੇ ਨਰਮ ਉੱਪਰਲੇ ਹਿੱਸੇ ਦਾ ਅੰਦਰ ਨੂੰ ਧੱਸ ਜਾਣਾ, ਤਾਕਤ ਦੀ ਘਾਟ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਮੋਹਾਲੀ ਤੋਂ ਆਈ ਟੀਮ ਵੱਲੋਂ 2 ਸਟੂਲ ਸੈਂਪਲ ਅਤੇ 4 ਖੂਨ ਦੇ ਸੈਂਪਲ ਲੈ ਕੇ ਜ਼ਿਲ੍ਹਾ ਲੈਬਾਰਟਰੀ ਵਿੱਚ ਟੈਸਟਾਂ ਲਈ ਭੇਜੇ ਗਏ ਹਨ।