ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ

DBEE
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਨੌਜਵਾਨਾਂ ਨੂੰ ਰੋਜ਼ਗਾਰ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾਵੇ : ਡਿਪਟੀ ਕਮਿਸ਼ਨਰ
ਜਿਨ੍ਹਾਂ ਨੌਜਵਾਨਾਂ ਕੋਲ ਸਾਧਨ ਨਹੀਂ, ਪਰ ਕਾਬਲੀਅਤ ਹੈ, ਉਨ੍ਹਾਂ ਲਈ ਵਰਦਾਨ ਸਾਬਤ ਹੋਣ ਰੋਜ਼ਗਾਰ ਬਿਊਰੋ: ਸੰਦੀਪ ਹੰਸ
ਨਵੰਬਰ ਮਹੀਨੇ ਲਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਲੋਨ ਮੇਲਾ ਤੇ ਬਲਾਕ ਪੱਧਰ ‘ਤੇ ਲਗਾਏ ਜਾਣਗੇ 9 ਰੋਜ਼ਗਾਰ ਮੇਲੇ
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਆਨ-ਲਾਈਨ ਕੋਚਿੰਗ ਲਈ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ

ਪਟਿਆਲਾ, 27 ਅਕਤੂਬਰ 2021

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਰੋਜ਼ਗਾਰ ਤੇ ਸਵੈ ਰੋਜ਼ਗਾਰ ਸਬੰਧੀ ਸੇਵਾਵਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾ ਸਕਣ। ਉਨ੍ਹਾਂ ਰੋਜ਼ਗਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸਮੂਹ ਕਾਲਜਾਂ ਤੇ ਸਕੂਲਾਂ ਦੇ ਨੁਮਾਇੰਦਿਆਂ ਨੂੰ ਵਿਦਿਆਰਥੀਆਂ ਦਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦੌਰਾ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਨੌਜਵਾਨਾਂ ਨੂੰ ਬਿਊਰੋ ਵਿਖੇ ਮਿਲਣ ਵਾਲੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।

ਹੋਰ ਪੜ੍ਹੋ :-ਜ਼ਿਲ੍ਹੇ ਦੇ ਸੇਵਾ ਕੇਂਦਰਾਂ ‘ਚ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਂਆਂ ਸੇਵਾਵਾਂ ਨੂੰ ਕੀਤਾ ਗਿਆ ਸ਼ਾਮਲ : ਸੰਦੀਪ ਹੰਸ

ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜਿਨਾਂ ਨੌਜਵਾਨਾਂ ਕੋਲ ਸਾਧਨ ਨਹੀਂ, ਪਰ ਕਾਬਲੀਅਤ ਹੈ, ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰਨ ‘ਚ ਰੋਜ਼ਗਾਰ ਬਿਊਰੋ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਅਜਿਹੇ ਵਿਦਿਆਰਥੀਆਂ ਨੂੰ ਸੇਧ ਦੇਕੇ ਬਿਊਰੋ ਵਿਖੇ ਮਿਲਣ ਵਾਲੀਆਂ ਲਾਇਬਰੇਰੀ, ਮੁਫ਼ਤ ਇੰਟਰਨੈਟ, ਕਰੀਅਰ ਕੌਂਸਲਿੰਗ ਵਰਗੀਆਂ ਸਹੂਲਤ ਸਬੰਧੀ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਸਵੈ ਰੋਜ਼ਗਾਰ ਸ਼ੁਰੂ ਕਰਵਾਇਆ ਗਿਆ ਹੈ, ਉਨ੍ਹਾਂ ਦਾ ਫਾਲੋਅੱਪ ਵੀ ਕੀਤਾ ਜਾਵੇ ਤਾਂ ਕਿ ਕੰਮ ‘ਚ ਹੋਰ ਸੁਧਾਰ ਲਿਆਂਦਾ ਜਾ ਸਕੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਨੁਮਾਇੰਦਿਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਬਿਊਰੋ ਨਾਲ ਸਬੰਧਤ ਵਿਭਾਗ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਸਰਕਾਰ ਦੇ”ਘਰ ਘਰ ਰੋਜ਼ਗਾਰ” ਮਿਸ਼ਨ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਸਵੈ ਰੋਜ਼ਗਾਰ ਲਈ ਕਰਵਾਈ ਜਾਂਦੀ ਟਰੇਨਿੰਗ ਸਬੰਧੀ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਲਾਭ ਉਠਾ ਸਕਣ।

ਸ੍ਰੀ ਸੰਦੀਪ ਹੰਸ ਨੇ ਕਾਲਜਾਂ ਤੇ ਸਕੂਲਾਂ ਦੇ ਨੁਮਾਇੰਦਿਆਂ ਨੂੰ ਰੋਜ਼ਗਾਰ ਬਿਊਰੋ ਵੱਲੋਂ ਮੁਕਾਬਲੇ ਦੀ ਪ੍ਰੀਖਿਆ ਲਈ ਕਰਵਾਈ ਜਾਂਦੀ ਆਨ ਲਾਈਨ ਕੋਚਿੰਗ ‘ਚ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਤਾਂ ਜੋ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਸੈਕਟਰ ‘ਚ ਆ ਰਹੀਆਂ ਪੋਸਟਾਂ ਦੇ ਟੈਸਟ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਫ਼ੌਜ ‘ਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀ ਤਿਆਰੀ ਲਈ ਬਿਊਰੋ ਨੂੰ ਖਾਕਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ।

ਮੀਟਿੰਗ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਵੱਲੋਂ ਨਵੰਬਰ ਮਹੀਨੇ ਸਵੈ ਰੋਜ਼ਗਾਰ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਇਕ ਜ਼ਿਲ੍ਹਾ ਪੱਧਰੀ ਲੋਨ ਮੇਲਾ ਲਗਾਇਆ ਜਾ ਰਿਹਾ ਹੈ ਤੇ ਬਲਾਕ ਪੱਧਰ ‘ਤੇ 9 ਰੋਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਲਈ www.pgrkam.com ‘ਤੇ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ।

ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਡੀ.ਡੀ.ਪੀ.ਓ. ਸੁਰਿੰਦਰ ਸਿੰਘ, ਡੀ.ਐਸ.ਐਸ.ਓ ਵਰਿੰਦਰ ਸਿੰਘ ਟਿਵਾਣਾ ਸਮੇਤ ਵੱਖ ਵੱਖ ਵਿਭਾਗਾਂ ਤੇ ਸਕੂਲਾਂ ਕਾਲਜਾਂ ਦੇ ਨੁਮਾਇੰਦੇ ਮੌਜੂਦ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸੰਦੀਪ ਹੰਸ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

Spread the love