56 ਵਿਸ਼ੇਸ਼ ਲੋੜਾਂ ਵਾਲਿਆਂ ਨੂੰ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਉਪਕਰਨ ਵੰਡੇ
10 ਨਵੰਬਰ 2021 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜ਼ੀਰਾ ਵਿਖੇ ਸਵੇਰੇ 10 ਵਜੇ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ
ਫਿਰੋਜ਼ਪੁਰ 9 ਨਵੰਬਰ 2021
ਭਾਰਤ ਸਰਕਾਰ ਦੀ ਏਡਿਪ ਸਕੀਮ ਤਹਿਤ ਮੰਗਲਵਾਰ ਨੂੰ ਕਮਿਊਨਿਟੀ ਹਾਲ ਮਖੂ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆ ਨੂੰ ਲੋੜੀਂਦਾ ਸਮਾਨ ਵੰਡਣ ਲਈ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸਨਰ ਫਿਰੋਜ਼ਪੁਰ ਦਵਿੰਦਰ ਸਿੰਘ ਸ਼ਾਮਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਲਗਭਗ 56 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਵੰਡੇ ਗਏ ਹਨ ਜਿਸ ਵਿਚ ਮੋਟਰਾਈਜ਼ਡ ਟਰਾਈਸਾਈਕਲ, ਸਾਈਕਲ ਹੱਥ ਨਾਲ ਚੱਲਣ ਵਾਲੇ ਟਰਾਈ ਸਾਈਕਲ, ਵ੍ਹੀਲਚੇਅਰ, ਕੰਨਾਂ ਦੀਆਂ ਮਸ਼ੀਨਾਂ ਅਤੇ ਫੌੜ੍ਹੀਆਂ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 12 ਲੱਖ ਰੁਪਏ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਵਿਸ਼ੇਸ਼ ਲੋੜਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਲਈ ਜਲਦ ਹੀ ਸਪੈਸ਼ਲ ਕੈਂਪ ਲਗਾਏ ਜਾਣਗੇ ਜਿਸ ਰਾਹੀਂ ਉਨ੍ਹਾਂ ਨੂੰ ਘੱਟ ਦਰ ਤੇ ਲੋਨ ਮੁਹੱਈਆ ਜਾਣਗੇ ਅਤੇ ਉਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਮਿਤੀ 10 ਨਵੰਬਰ 2021 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜ਼ੀਰਾ ਵਿਖੇ ਸਵੇਰੇ 10 ਵਜੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਲੋੜੀਂਦਾ ਸਮਾਨ ਵੰਡਣ ਲਈ ਉਪਕਰਨ ਵੰਡ ਕੈਂਪ ਲਗਾਇਆ ਜਾਣਾ ਹੈ। ਸ਼ਨਾਖਤ ਕੀਤੇ ਗਏ ਵਿਅਕਤੀ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਮਹਿੰਦਰ ਸਿੰਘ ਜ਼ੀਰਾ, ਪ੍ਰਧਾਨ ਨਗਰ ਕੌਂਸਲ ਮਖੂ ਮੋਹਿੰਦਰ ਮਦਾਨ, ਚੇਅਰਮੈਨ ਮਾਰਕਿਟ ਕਮੇਟੀ ਗੁਰਮੇਜ ਸਿੰਘ, ਨਾਇਬ ਤਹਿਸੀਲਦਾਰ ਮਖੂ , ਸਕੱਤਰ ਰੈੱਡ ਕਰਾਸ ਅਸੋਕ ਬਹਿਲ, ਸੁਪਰਡੰਟ ਡੀਸੀ ਦਫਤਰ ਜੋਗਿੰਦਰਪਾਲ ਅਤੇ ਅਲਿਮਕੋ ਤੋਂ ਅਸੋਕ ਸਾਹੁ ਵੀ ਹਾਜ਼ਰ ਸਨ।