![BABITA KALER BABITA KALER](https://newsmakhani.com/wp-content/uploads/2022/01/BABITA-KALER.jpg)
ਜਿ਼ਲ੍ਹੇ ਦੀ ਚਿਰਕੋਣੀ ਮੰਗ ਹੋਵੇਗੀ ਪੂਰੀ
ਫਾਜਿ਼ਲਕਾ, 27 ਮਾਰਚ 2022
ਫਾਜਿ਼ਲਕਾ ਜਿ਼ਲ੍ਹੇ ਵਿਚ ਜਲਦ ਹੀ ਅੰਬੇਦਕਰ ਭਵਨ ਬਣੇਗਾ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦਿੱਤੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਜਮੀਨ ਦਾ ਪ੍ਰਬੰਧ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਵਿਚ ਪੰਚਾਇਤ ਨੇ ਇਸ ਸੁਭ ਕਾਰਜ ਲਈ 7 ਕਨਾਲ 11 ਮਰਲੇ ਜਗ੍ਹਾ ਦਿੱਤੀ ਹੈ। ਇਸ ਜਗ੍ਹਾ ਤੇ ਅੰਬੇਦਕਰ ਭਵਨ ਦੇ ਨਿਰਮਾਣ ਦਾ ਸੁਪਨਾ ਪੂਰਾ ਹੋਵੇਗਾ।
ਹੋਰ ਪੜ੍ਹੋ :-ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਇਸ ਸੁਭ ਕਾਰਜ ਲਈ ਜਮੀਨ ਦੇਣ ਲਈ ਪਿੰਡ ਰਾਮਪੁਰਾ ਦੀ ਗ੍ਰਾਮ ਪੰਚਾਇਤ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ ਪਹਿਲਾਂ ਅੰਬੇਦਕਰ ਭਵਨ ਦੀ ਅਣਹੋਂਦ ਕਾਰਨ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਵੱਲੋਂ ਇੱਥੇ ਸ਼ਾਨਦਾਰ ਅੰਬੇਦਕਰ ਭਵਨ ਉਸਾਰਿਆ ਜਾਵੇਗਾ ਅਤੇ ਭਾਈਚਾਰੇ ਦੀ ਲੰਬੇ ਸਮੇਂ ਤੋਂ ਬਕਾਇਆ ਪਈ ਮੰਗ ਪੂਰੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਨੂੰ ਸੂਚਨਾ ਭੇਜ਼ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਬਣਨ ਵਾਲੇ ਭਵਨ ਦਾ ਨਕਸ਼ਾ ਭੇਜਿਆ ਜਾਵੇਗਾ ਜਿਸ ਅਨੁਸਾਰ ਐਸਟੀਮੇਟ ਤਿਆਰ ਕਰਨ ਤੇ ਵਿਭਾਗ ਨਿਰਮਾਣ ਕਾਰਜਾਂ ਲਈ ਬਜਟ ਜਾਰੀ ਕਰ ਦੇਵੇਗਾ ਅਤੇ ਬਹੁਤ ਜਲਦ ਜਮੀਨੀ ਪੱਧਰ ਤੇ ਅੰਬੇਦਕਰ ਭਵਨ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ।
ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ: ਬਰਜਿੰਦਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਮਪੁਰਾ ਵਿਚ ਟਰਾਂਸਪੋਰਟ ਦਫ਼ਤਰ ਦੇ ਨੇੜੇ ਬਣਨ ਵਾਲੇ ਇਸ ਅੰਬੇਦਕਰ ਭਵਨ ਵਿਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਦਫਤਰ ਦੇ ਨਾਲ ਨਾਲ ਐਸਸੀ ਬੀਸੀ ਕਾਰਪੋਰੇਸ਼ਨਾਂ ਦੇ ਦਫ਼ਤਰ ਸਥਾਪਿਤ ਹੋਣਗੇ ਉਥੇ ਹੀ ਇੱਥੇ ਕਮਿਊਨਿਟੀ ਹਾਲ ਵੀ ਬਣਾਇਆ ਜਾਵੇਗਾ ਅਤੇ ਇੱਥੇ ਐਸਸੀ ਬੱਚਿਆਂ ਲਈ ਹੁਨਰ ਸਿਖਲਾਈ ਦੇ ਕੋਰਸ ਵੀ ਚਲਾਏ ਜਾਣਗੇ।