ਪਿਛਲੇ 5 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਫ਼ਸਲਾਂ ਦਾ ਲੈ ਰਹੇ ਹਨ ਚੰਗਾ ਝਾੜ
ਤਰਨ ਤਾਰਨ, 01 ਅਕਤੂਬਰ :
ਸ਼੍ਰੀ ਗੁਰਵਿੰਦਰ ਸਿੰਘ ਪੁੱਤਰ ਸ਼੍ਰੀ ਦਰਬਾਰਾ ਸਿੰਘ, ਵਾਸੀ ਪਿੰਡ-ਵਰਾਣਾ, ਬਲਾਕ-ਨੌਸ਼ਹਿਰਾ ਪੰਨੂਆਂ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਖੇਤੀ ਮਸ਼ੀਨਰੀ ਦਾ ਸਦ-ਉਪਯੋਗ ਕਰਦੇ ਹੋਏ ਸੁਚੱਜਾ ਪਰਾਲੀ ਪ੍ਰਬੰਧਨ ਕਰਕੇ ਆਪਣੇ ਇਲਾਕੇ ਵਿੱਚ ਵਾਤਾਵਰਨ ਪ੍ਰੇਮੀ ਵਜੋਂ ਉੱਭਰੇ ਹਨ ਅਤੇ ਦੂਸਰੇ ਕਿਸਾਨਾਂ ਲਈ ਮਿਸਾਲ ਬਣੇ ਹਨ ।
ਸ਼੍ਰੀ ਗੁਰਵਿੰਦਰ ਸਿੰਘ ਆਪਣੀ 10 ਏਕੜ ਜ਼ਮੀਨ ਵਿੱਚ ਖੇਤੀ ਕਰਦੇ ਹਨ ਅਤੇ ਇਹਨਾਂ ਨੇ ਆਪਣੀ ਇਸ 10 ਏਕੜ ਜ਼ਮੀਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ-ਵੱਖ ਫ਼ਸਲਾਂ ਹੇਠ ਵੰਡਿਆ ਹੋਇਆ ਹੈ, ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ । ਇਸ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਲੈ ਰਹੇ ਹਨ ।
ਇਸ ਸਾਲ ਵੀ ਇਸ ਕਿਸਾਨ ਨੇ ਆਪਣੇ 10 ਏਕੜ ਜ਼ਮੀਨ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ ਅਤੇ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਐਸ. ਐਮ. ਐਸ ਨਾਲ ਝੋਨਾ/ਬਾਸਮਤੀ ਦੀ ਕਟਾਈ ਅਤੇ ਉਲਟਾਵੇਂ ਹੱਲਾਂ ਦੇ ਨਾਲ ਜ਼ਮੀਨ ਦੀ ਵਹਾਈ ਕਰਕੇ ਪਰਾਲੀ ਨੂੰ ਸਾਂਭਿਆ ਹੈ ਅਤੇ ਇਸ ਕਿਸਾਨ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਖੇਤੀ ਮਸ਼ੀਨਰੀ ਮੁਹੱਈਆ ਕਰਦੇ ਹੋਏ 100-150 ਏਕੜ ਵਿੱਚ ਪਰਾਲੀ ਪ੍ਰਬੰਧਨ ਕਰਵਾਇਆ ਹੈ ।ਇਹਨਾਂ ਨੇ ਆਪਣੇ ਖੇਤਾਂ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਅਤੇ ਇਹਨਾਂ ਨਾ ਆਪਣਾ ਸਵੈ-ਟੀਚਾ ਮਿਥਿਆ ਹੈ ਕਿ ਇਹ ਆਪਣੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਕਿਸਾਨਾਂ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਵਾੳੇਣਗੇ ।
ਇਹ ਕਿਸਾਨ ਵੀਰ ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਨਾਲ ਜੁੜਿਆ ਹੋਇਆ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਹਨਾਂ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਸਹਾਈ ਹੋ ਰਿਹਾ ਹੈ।ਇਹ ਕਿਸਾਨ ਸਬਜ਼ੀਆਂ, ਦਾਲਾਂ ਅਤੇ ਹਲਦੀ ਦੀ ਜੈਵਿਕ ਖੇਤੀ ਕਰਦੇ ਹਨ ਅਤੇ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਦੁਆਰਾ ਹੋਰ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਟ੍ਰੇਨਿੰਗਾਂ ਦਵਾ ਕੇ ਜੈਵਿਕ ਖੇਤੀ ਕਰਵਾ ਰਿਹਾ ਹੈ ।