ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨਾਲ ਜੁੜੇ ਮਹਿਕਮਿਆਂ ਨਾਲ ਮਹੀਨਾਵਾਰ ਬੈਠਕ
ਫਾਜ਼ਿਲਕਾ, 20 ਅਪ੍ਰੈਲ 2022
ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਅਤੇ ਕਿਸਾਨਾਂ ਨਾਲ ਸਬੰਧਤ ਹੋਰ ਮਹਿਕਮਿਆਂ ਦੇ ਕੰਮਕਾਜ ਦੀ ਮਹੀਨਾਵਾਰ ਸਮੀਖਿਆ ਬੈਠਕ ਕੀਤੀ ਗਈ।
ਹੋਰ ਪੜ੍ਹੋ :-ਮਹਾਰਾਜਾ ਅਗਰਸੇਨ ਆਈ.ਟੀ.ਆਈ. ਆਲਮਗੜ੍ਹ ਵਿਖੇ 30 ਸਿਖਿਆਰਥੀਆਂ ਨੂੰ ਵੰਡੀਆਂ ਗਈਆਂ ਸੁਆਗਤੀ ਕਿੱਟਾਂ
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੀ ਆਮਦਨ ਵਾਧੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨੇ ਆਖਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਬਾਗਬਾਨੀ ਅਤੇ ਹੋਰ ਖੇਤੀ ਸਹਾਇਕ ਧੰਦੇ ਪ੍ਰਫੂਲਿਤ ਕਰਨ ਲਈ ਹੋਰ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਡਾ. ਰੇਸ਼ਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਉਣੀ ਦੀ ਬਿਜਾਈ ਤੋਂ ਪਹਿਲਾਂ 8 ਹਜ਼ਾਰ ਮਿੱਟੀ ਦੇ ਸੈਂਪਲ ਲੈ ਕੇ ਸ਼ੋਅਲ ਹੈਲਥ ਕਾਰਡ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ 42890 ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦਕਿ ਇਸ ਵਾਰ ਇਹ ਟੀਚਾ 91700 ਹੈਕਟੇਅਰ ਦਾ ਮਿੱਥਿਆ ਗਿਆ ਹੈ। ਇਸੇ ਤਰ੍ਹਾਂ ਨਰਮੇ ਹੇਠ ਰਕਬਾ ਵਧਾਉਣ ਲਈ ਉਪਰਾਲਿਆਂ ਤਹਿਤ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਏ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 1664 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ। ਇਸ ਤੋਂ ਬਿਨਾਂ ਸਾਉਣੀ ਦੌਰਾਨ ਮਿੱਕੀ ਦੀ ਕਾਸ਼ਤ ਨੂੰ ਵੀ ਉਤਸ਼ਹਿਤ ਕੀਤਾ ਜਾਵੇਗਾ।
ਸਹਾਇਕ ਡਾਇਰੈਕਟਰ ਪਸ਼ੂ ਪਾਲਣ ਨੇ ਵਿਭਾਗ ਵੱਲੋਂ ਪਸ਼ੂਆਂ ਦੇ ਕੀਤੇ ਜਾ ਰਹੇ ਟੀਕਾਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਲੱਖ 85 ਹਜ਼ਾਰ ਜਾਨਵਰਾਂ ਨੂੰ ਗਲਕੋਟੂ ਅਤੇ 2 ਲੱਖ 73 ਹਜ਼ਾਰ 284 ਜਾਨਵਰਾਂ ਨੂੰ ਮੂੰਹਖੁਰ ਦੀ ਵੈਕਸੀਨ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਅਣਰਜਿਸਟਰਡ ਗਊਸ਼ਾਲਾਵਾਂ ਨੂੰ ਰਜਿਸਟਰਡ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ, ਬਾਗਬਾਨੀ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਪਸ਼ੂ ਪਾਲਣ ਵਿਭਾਗ ਨਾਲ ਲਗਾਤਾਰ ਰਾਬਤਾ ਰੱਖਣ ਅਤੇ ਇਨ੍ਹਾਂ ਵਿਭਾਗਾਂ ਵੱਲੋਂ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਅਨੁਸਾਰ ਕਰਦੇ ਹੋਏ ਆਪਣੀ ਆਮਦਨ ਵਿੱਚ ਵਾਧਾ ਕਰਨ।