ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪ੍ਰਬੰਧਨ ਵੱਲ ਧਿਆਨ ਦੇਣ ਦੀ ਲੋੜ ‘ਤੇ ਜ਼ੋਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

*ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਮਾਰਨਗੇ ਸਾਂਝਾ ਹੰਭਲਾ  
* ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਨਗੇ ਆਸ਼ਾ ਵਰਕਰ

ਤਪਾ, 20 ਸਤੰਬਰ :-   ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਦੀ ਸਾਂਝੀ ਰਣਨੀਤੀ ਤਹਿਤ ਖੇਤੀਬਾੜੀ ਵਿਭਾਗ   ਅਤੇ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝਾ ਹੰਭਲਾ ਮਾਰਨਗੇ। ਇਸ ਤਹਿਤ ਆਸ਼ਾ ਵਰਕਰਾਂ ਲੋਕਾਂ ਨੂੰ ਪਿੰਡ ਪਿੰਡ ਜਾਗਰੂਕ ਕਰਨਗੀਆਂ। ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਨੂੰ ਪਰਾਲੀ ਸਾੜਨ ਨਾਲ ਸਿਹਤ, ਵਾਤਾਵਰਣ ਅਤੇ ਖੇਤੀ ਨੂੰ ਹੋਣ ਵਾਲੇ ਨੁਕਸਾਨ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਪਿੰਡ ਢਿੱਲਵਾਂ ਵਿਖੇ ਬਲਾਕ ਪੱਧਰੀ ਟਰੇਨਿੰਗ ਕਰਵਾਈ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ  ਡਾ. ਵਰਿੰਦਰ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਅੱਗ ਲਗਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਤੇ ਅਗਲੀ ਫ਼ਸਲ ਲਈ ਜ਼ਿਆਦਾ ਖਾਦ ਅਤੇ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਇਸ ਨਾਲ ਅਸੀਂ ਨਾ ਸਮਝੀ ਵਿਚ ਆਪਣਾ ਹੀ ਆਰਥਿਕ, ਵਾਤਾਵਰਣ ਪੱਖੋਂ ਨੁਕਸਾਨ ਕਰ ਰਹੇ ਹਾਂ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਤਪਾ ਗੌਤਮ ਰਿਸ਼ੀ ਨੇ ਆਸ਼ਾ ਵਰਕਰਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਗਰਭਵਤੀ ਮਹਿਲਾਵਾਂ ਤੇ ਨਵ ਜਨਮੇ ਬੱਚੇ ਲਈ ਬਹੁਤ ਖਤਰਨਾਕ ਹੁੰਦਾ ਹੈ। ਧੂੰਆਂ ਫੈਲਣ ਨਾਲ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਦਮਾ ਤੇ ਟੀਬੀ ਦੇ ਮਰੀਜ਼ਾਂ, ਕੋਵਿਡ ਦੇ ਮਰੀਜ਼ਾਂ ਦੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ।
ਖੇਤੀ ਵਿਗਿਆਨੀ ਪੀਏਯੂ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਇਕ ਹਜ਼ਾਰ ਕਿਲੋ ਪਰਾਲੀ ਸਾੜ੍ਹਦੇ ਹਾਂ ਤਾਂ 400 ਕਿਲੋ ਜੈਵਿਕ ਕਾਰਬਨ, 25 ਕਿਲੋ ਪੋਟਾਸ਼, 2 ਕਿਲੋ ਤੋਂ ਵੱਧ ਫਾਸਫੋਰਸ, ਇਕ ਕਿਲੋ ਸਲਫਰ ਅਤੇ 5 ਕਿਲੋ ਤੋਂ ਵੱਧ ਨਾਈਟਰੋਜ਼ਨ ਦਾ ਨੁਕਸਾਨ ਹੁੰਦਾ ਹੈ। ਇਕ ਸੀਜ਼ਨ ਵਿਚ ਡੇਢ ਸੌ ਮਿਲੀਅਨ ਟਨ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਅਤੇ 9 ਮਿਲੀਅਨ ਟਨ ਕਾਰਬਨ ਮੋਨੋਅਕਸਾਈਡ ਪੈਦਾ ਹੁੰਦੀ ਹੈ, ਜਿਸ ਨਾਲ 9 ਡਿਗਰੀ ਤਾਪਮਾਨ ਵਧਦਾ ਹੈ, ਫਸਲਾਂ ਦੀ ਪੈਦਾਵਾਰ ਘਟਦੀ ਹੈ।
ਪਰਾਲੀ ਸਾੜਣ ਦੀ ਜਗ੍ਹਾ ਇਸ ਦੀ ਬਾਇਓਗੈਸ ਪੈਦਾਵਾਰ, ਗੱਤਾ ਤੇ ਕਾਗਜ਼ ਤਿਆਰ ਕਰਨ ਲਈ, ਗੰਡੋਆ ਖਾਦ ਤਿਆਰ ਕਰਨ ਵਿਚ ਪਸ਼ੂਆਂ ਦੇ ਆਰਾਮਦਾਇਕ ਬੈਠਣ ਲਈ ਵੀ ਵਰਤੋਂ ਕਰ ਸਕਦੇ ਹਨ।
ਖੇਤੀਬਾੜੀ ਅਫਸਰ ਸ਼ਹਿਣਾ ਗੁਰਚਰਨ ਸਿੰਘ ਨੇ ਦੱਸਿਆ ਕਿ ਖੇਤੀ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ, ਰੋਟਾਵੇਟਰ ਤੇ ਜ਼ੀਰੋ ਡਰਿਲ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਸਾਂਭਿਆ ਜਾ ਸਕਦਾ ਹੈ।
ਇਸ ਮੌਕੇ ਮੈਡਮ ਸੁਨੀਤਾ ਆਤਮਾ ਕੋਆਰਡੀਨੇਟਰ, ਸੌਰਵ ਚੌਹਾਨ ਜ਼ਿਲ੍ਹਾ ਐਸੋਸੀਏਟ ਏਪੀਏਜੀ, ਸੁਖਦੀਪ ਸਿੰਘ ਤੇ ਨਵਦੀਪ ਸਿੰਘ ਏਡੀਓ, ਪੰਚਾਇਤ ਦੇ ਨੁਮਾਇੰਦੇ ਅਤੇ ਬਲਾਕ ਸ਼ਹਿਣਾ ਦੀਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਮੌਜੂਦ ਸਨ।

Spread the love