ਮਹਾਂਮਾਰੀ ਦੇ ਸੰਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਵੱਖ-ਵੱਖ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਵਿਸ਼ੇਸ ਮੀਟਿੰਗ
ਤਰਨ ਤਾਰਨ, 01 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਅੱਜ ਕੋਵਿਡ-19 ਮਹਾਂਮਾਰੀ ਦੇ ਸੰਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਵੱਖ-ਵੱਖ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਹੋਈ। ਮੀਟਿੰਗ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਡੀ. ਐੱਮ. ਸੀ. ਡਾ. ਭਾਰਤੀ ਧਵਨ, ਡਾ. ਕੰਵਲਜੀਤ ਅਤੇ ਕੱਪੜਾ ਆਈਸੋਸੀਏਸ਼ਨ, ਰਾਈਸ ਮਿੱਲਰਜ਼ ਐਸੋਸੀਏਸ਼ਨ, ਕਰਿਆਨਾ ਯੂਨੀਅਨ, ਆੜ੍ਹਤੀਆਂ ਯੂਨੀਅਨ, ਅਤੇ ਹਲਵਾਈ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ।
ਇਸ ਮੌਕੇ ਸੰਬੰਧੋਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਅਤੇ ਜ਼ਿਲ੍ਹੇ ਨੂੰ ਲਾੱਕਡਾਊਨ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ । ਉਹਨਾਂ ਵੱਖ-ਵੱਖ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ 45 ਸਾਲ ਤੋਂ ਉੱਪਰ ਦੇ ਆਪਣੀਆਂ ਦੁਕਾਨਾਂ ‘ਤੇ ਕੰਮ ਕਰਦੇ ਅਤੇ ਅਦਾਰਿਆਂ ਵਿੱਚ ਕੰਮ ਕਰਦੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਟੀਕਾਕਰਨ ਕਰਵਾਇਆ ਜਾਵੇ ਅਤੇ ਕੋਈ ਵੀ ਲੱਛਣ ਹੋਣ ‘ਤੇ ਹਰ ਵਿਅਕਤੀ ਨੂੰ ਸੈਂਪਲ ਕਰਵਾਉਣ ਤੇ ਪ੍ਰੇਰਿਆ ਜਾਵੇ ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਮੋਹਤਬਰ ਵਿਅਕਤੀਆਂ ਨੂੰ ਆਪਣੇ-ਆਪਣੇ ਅਦਾਰਿਆ ਵਿੱਚ ਗਰੁੱਪ ਬਣਾ ਕੇ ਵੈੱਕਸੀਨ ਕਰਵਾਉਣ ਅਤੇ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ ਲਈ ਕਿਹਾ ਗਿਆ ਤਾਂ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਰੋਕਿਆ ਜਾਂ ਸਕੇ ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਬਿਮਾਰੀ ਦੇ ਵੱਧ ਰਹੇ ਰੂਪ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਹਾਜ਼ਰ ਮੈਂਬਰਾਂ ਨੂੰ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਵੈਕਸੀਨ ਅਤੇ ਸੈਂਪਲਿੰਗ ਕਰਵਾਉਣ ਲਈ ਮੱਦਦ ਕਰਨ ਅਤੇ ਸ਼ਾਮਲ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਕੋਈ ਵੀ ਸੰਸਥਾ ਆਪਣੇ ਮੈਂਬਰਾਂ ਦੀ ਵੈਕਸੀਨ ਅਤੇ ਸੈਂਪਲਿੰਗ ਲਈ ਸਮਾਂ ਅਤੇ ਜਗ੍ਹਾਂ ਨਿਰਧਾਰਿਤ ਕਰਕੇ ਸਿਹਤ ਵਿਭਾਗ ਨੂੰ ਸੂਚਿਤ ਕਰਨ ‘ਤੇ ਅਸੀਂ ਵਿਭਾਗੀ ਟੀਮਾਂ ਨੂੰ ਸੈਂਪਲਿੰਗ ਟੀਮਾਂ ਨੂੰ ਦੱਸੀ ਜਗ੍ਹਾ ਤੇ ਭੇਜਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ।
ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਪੂਰਨ ਸੁਰੱਖਿਆ ਲਈ ਪੰਜ ਗੱਲਾਂ ਦਾ ਧਿਆਨ ਰੱਖੋ ਸਹੀ ਢੰਗ ਨਾਲ ਮਾਸਕ ਪਾਓ, ਸਮੇਂ ਸਮੇਂ ਤੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਵੇ ਜਾਂ ਸੈਨੇਟਾਈਜ਼ ਕਰੋ, ਘੱਟ ਤੋਂ ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਸਰਕਾਰੀ ਸੰਸੰਥਾ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਟੈੱਸਟ ਕਰਵਾਉ ।