ਸਮੂਹ ਕਾਲਜ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਆਨ-ਲਾਈਨ ਕੀਤਾ ਜਾਗਰੂਕ
ਪਟਿਆਲਾ, 11 ਨਵੰਬਰ:
ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ‘ਚ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 1 ਜਨਵਰੀ 2021 ਦੇ ਆਧਾਰ ‘ਤੇ 16 ਨਵੰਬਰ ਤੋਂ 15 ਦਸੰਬਰ ਤੱਕ ਕੀਤੀ ਜਾ ਰਹੀ ਹੈ, ਇਸ ‘ਚ ਜ਼ਿਲ੍ਹੇ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਦੀ ਸ਼ਮੂਲੀਅਤ ਵਧਾਉਣ ਲਈ ਅੱਜ ਸਕੂਲਾਂ/ਕਾਲਜਾਂ ਦੇ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਦੀ ਆਨ-ਲਾਈਨ ਟਰੇਨਿੰਗ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਕਰਵਾਈ ਗਈ।
ਟਰੇਨਿੰਗ ਦੌਰਾਨ ਜ਼ਿਲ੍ਹੇ ਦੇ 8 ਅਸੈਂਬਲੀ ਹਲਕਿਆਂ ‘ਚ ਪੈਂਦੀਆਂ ਵਿਦਿਅਕ ਸੰਸਥਾਵਾਂ ਦੇ 108 ਨੋਡਲ ਅਫ਼ਸਰਾਂ ਤੇ ਕੈਂਪਸ ਅੰਬੈਸਡਰਾਂ ਨੇ ਸ਼ਮੂਲੀਅਤ ਕੀਤੀ। ਚੋਣ ਤਹਿਸੀਲਦਾਰ ਰਾਮਜੀ ਲਾਲ ਵੱਲੋਂ ਟਰੇਨਿੰਗ ਦੌਰਾਨ ਕੈਂਪਸ ਅੰਬੈਸਡਰਾਂ ਨੂੰ ਆਨ-ਲਾਈਨ ਵਿਧੀ ਰਾਹੀਂ ਨਵੀਆਂ ਵੋਟਾਂ ਦੀ ਰਜਿਸਟਰੇਸ਼ਨ ਅਤੇ ਵੋਟਰ ਸੂਚੀਆਂ ਵਿੱਚ ਸੋਧ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਪ੍ਰੋ. ਅਨਟਾਲ ਵੱਲੋਂ ਵੋਟ ਦੀ ਅਹਿਮੀਅਤ, ਸਪੈਸ਼ਲ ਵੋਟਰ ਰਜਿਸਟਰੇਸ਼ਨ ਕੈਂਪਾਂ, ਕੈਂਪਸ ਅੰਬੈਸਡਰਾਂ ਅਤੇ ਨੋਡਲ ਅਫਸਰਾਂ ਦੀ ਭਾਗੀਦਾਰੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਵਿਸ਼ੇਸ਼ ਟਰੇਨਿੰਗ ਦਿੱਤੀ। ਚੋਣ ਕਾਨੂੰਗੋ ਵਿਜੈ ਕੁਮਾਰ ਵੱਲੋਂ ਟੋਲ ਫ਼ਰੀ ਨੰਬਰ 1950 ਦੀ ਮਹੱਤਤਾ ਬਾਰੇ ਦੱਸਿਆ ਗਿਆ।
ਟਰੇਨਿੰਗ ਦੌਰਾਨ ਵਿਦਿਆਰਥੀਆਂ ਦੇ ਆਨਲਾਈਨ ਵਿਧੀ ਸਬੰਧੀ ਸਵਾਲਾਂ ਦੇ ਜਵਾਬ, ਵੋਟਰ ਰਜਿਸਟਰੇਸ਼ਨ ਸਬੰਧੀ ਵੱਖ-ਵੱਖ ਫਾਰਮਾਂ ਦੀ ਬਣਤਰ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਅਤੇ ਦਿਵਿਆਂਗਜਨ, ਟਰਾਂਸਜੈਂਡਰ, ਪ੍ਰਵਾਸੀ ਮਜ਼ਦੂਰਾਂ ਅਤੇ ਐਨ.ਆਰ.ਆਈ. ਵੋਟਰਾਂ ਦੀ 100 ਫ਼ੀਸਦੀ ਰਜਿਸਟਰੇਸ਼ਨ ਸਬੰਧੀ ਯੋਗਦਾਨ ਪਾਉਣ ਲਈ ਸਮੂਹ ਕੈਂਪਸ ਅੰਬੈਸਡਰਾਂ ਨੂੰ ਪ੍ਰੇਰਿਤ ਕੀਤਾ ਗਿਆ।
ਕੈਪਸ਼ਨ : ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਆਨ-ਲਾਈਨ ਟਰੇਨਿੰਗ ਦਿੰਦੇ ਹੋਏ।