ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਡਾਕਟਰੀ ਟੀਮ ਨੂੰ ਵਧਾਈ
ਬਰਨਾਲਾ, 24 ਸਤੰਬਰ
ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਅਤੇ ਐਸ.ਐਮ.ਓ. ਡਾ. ਤਪਿੰਦਰਜੋਤ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਅੰਸ਼ੁਲ ਗਰਗ, ਡਾ. ਹਰੀਸ਼ ਅਤੇ ਡਾ. ਅਰਾਧਨਾ ਦੀ ਸਮੁੱਚੀ ਟੀਮ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਮਰੀਜ਼ ਦੀ ਰੀੜ ਦੀ ਹੱਡੀ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਹੈ। ਇਸ ’ਤੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਵੱਲੋਂ ਡਾਕਟਰੀ ਟੀਮ ਨੂੰ ਵਧਾਈ ਦਿੱਤੀ ਗਈ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਮਰੀਜ਼ ਦੇ ਛੱਤ ਤੋਂ ਡਿੱਗਣ ਕਾਰਨ ਰੀੜ ਦੀ ਹੱਡੀ ’ਤੇ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਸੀ। ਮਰੀਜ਼ ਦੀ ਗੰਭੀਰ ਸੱਟ ਅਤੇ ਕੋਵਿਡ ਮਹਾਮਾਰੀ ਕਰ ਕੇ ਇਹ ਆਪਰੇਸ਼ਨ ਕਾਫੀ ਚੁਣੌਤੀ ਭਰਿਆ ਸੀ ਤੇ ਇਹ ਆਪਰੇਸ਼ਨ ਸਫਲ ਰਿਹਾ। ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਰੀਜ਼ ਦੇ ਆਪਰੇਸ਼ਨ ਤੋਂ ਦੋ ਘੰਟੇ ਬਾਅਦ ਹੀ ਮਰੀਜ਼ ਦੀ ਹਾਲਤ ਵਿਚ ਸੁਧਾਰ ਹੋਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਜੋੜਾਂ ਦੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਮਰੀਜ਼ ਨੂੰ ਬਾਹਰਲੇ ਕਿਸੇ ਹੋਰ ਹਸਪਤਾਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਥੇ ਜੋੜਾਂ ਦੇ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਕੀਤੇ ਜਾ ਚੁੱਕੇ ਹਨ।