ਪੰਜਾਬ ਸਰਕਾਰ ਨੇ ਮਿਊਕਰ ਮਾਇਕੋਸਿਸ ਨੂੰ ਮਹਾਂਮਾਰੀ ਐਕਟ ਤਹਿਤ ਨੋਟੀਫਾਈ ਕੀਤਾ – ਚੇਅਰਮੈਨ ਚੀਮਾ
ਬਟਾਲਾ, 21 ਮਈ , 2021 – ਪੰਜਾਬ ਸਰਕਾਰ ਵੱਲੋਂ ਮਿਊਕਰ ਮਾਇਕੋਸਿਸ (ਬਲੈਕ ਫੰਗਸ) ਬਿਮਾਰੀ ਨੂੰ ਮਹਾਂਮਾਰੀ ਐਕਟ ਤਹਿਤ ਨੋਟੀਫਾਈ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਪੇਂਡੂ ਮੁੱਢਲੇ ਸਿਹਤ ਕੇਂਦਰਾਂ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਦੇ ਕਦਮ ਚੁੱਕੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਬਲੈਕ ਫੰਗਸ ਬਿਮਾਰੀ ਕਈ ਸੂਬਿਆਂ ਵਿੱਚ ਫੈਲ ਗਈ ਹੈ ਅਤੇ ਇਹ ਘਾਤਕ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਹੁਣ ਤੱਕ ਦੀਆਂ ਸੋਧਾਂ ਵਿੱਚ ਪਾਇਆ ਹੈ ਕਿ ਕੋਵਿਡ ਮਰੀਜਾਂ ਦੇ ਇਲਾਜ ਦੌਰਾਨ ਬੇਲੋੜੇ ਸਟੀਓਰਾਇਡ ਦੀ ਵਰਤੋਂ ਨਾ ਹੋਵੇ ਕਿਉਂਕਿ ਬਲੈਕ ਫੰਗਸ ਬਿਮਾਰੀ ਦਾ ਮੁੱਖ ਕਾਰਨ ਇਹੋ ਸਨਾਖਤ ਹੋਇਆ ਹੈ, ਖਾਸ ਕਰਕੇ ਸੂਗਰ ਦੇ ਮਰੀਜਾਂ ਵਿੱਚ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜਾਂ ਦੇ ਇਲਾਜ ਵਿੱਚ ਸਟੀਓਰਾਇਡ ਦੀ ਵਾਧੂ ਵਰਤੋਂ ਬਿਮਾਰੀ ਦਾ ਮੁੱਖ ਕਾਰਨ ਹੈ।ਉਨਾਂ ਕਿਹਾ ਕਿ ਡਾਕਟਰਾਂ ਨੂੰ ਬਦਲਵੀਂ ਵਰਤੋਂ ਕਰਨ ਲਈ ਆਖਿਆ ਗਿਆ ਹੈ ਅਤੇ ਮਾਹਿਰ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਲਾਜ ਦਾ ਬਦਲਵਾਂ ਤੇ ਵੱਖਰਾ ਤਰੀਕਾ ਇਜਾਦ ਕੀਤਾ ਜਾਵੇ।
ਸ. ਚੀਮਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸੂਬੇ ਵਿੱਚ ਬਲੈਕ ਫੰਗਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਭਾਵੇਂ ਕਿ ਇਸ ਸਮੇਂ ਦੌਰਾਨ ਕਈ ਦੂਜੇ ਸੂਬਿਆਂ ਵਿੱਚ ਕੇਸ ਸਾਹਮਣੇ ਆਏ ਸਨ।ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਬਿਮਾਰੀ ਮਿਊਕਰ ਮਾਇਕੋਸਿਸ (ਬਲੈਕ ਫੰਗਸ) ਨੂੰ ਮਹਾਂਮਾਰੀ ਐਕਟ ਤਹਿਤ ਨੋਟੀਫਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਨਵੀਂ ਚਣੌਤੀ ਨਾਲ ਨਜਿੱਠ ਲਿਆ ਜਾਵੇਗਾ।