ਪਟਿਆਲਾ, 29 ਮਈ 2021
ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਦੇ ਵਸਨੀਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਵਸਤੂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸੇ ਤਹਿਤ ਫਲ ਸੁਰੱਖਿਆ ਲੈਬਾਰਟਰੀ ਪਟਿਆਲਾ ਵਿਖੇ ਤਿਆਰ ਸ਼ਰਬਤ ਪਟਿਆਲਾ ਵਾਸੀਆਂ ਨੂੰ ਵਾਜਬ ਕੀਮਤ ‘ਤੇ ਮੁਹੱਈਆ ਕਰਵਾਉਣ ਲਈ ਸ਼ਰਬਤਾਂ ਦੀ ਵਿੱਕਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗ਼ਬਾਨੀ ਪਟਿਆਲਾ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਅੰਬ, ਬਿਲ, ਲੀਚੀ, ਸੰਤਰਾ ਤੇ ਮਿਕਸ ਫਰੂਟ ਤੋਂ ਤਿਆਰ ਸ਼ਰਬਤ ਦੀ ਵਿੱਕਰੀ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿਸੇ ਵੀ ਕੰਮ ਵਾਲੇ ਦਿਨ ਬਾਰਾਂਦਰੀ ਬਾਗ ਤੋਂ ਲਏ ਜਾ ਸਕਦੇ ਹਨ।
ਫਲ ਸੁਰੱਖਿਆ ਲੈਬਾਰਟਰੀ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੀਚੀ ਦੇ ਸ਼ਰਬਤ ਦੀ ਕੀਮਤ 70 ਰੁਪਏ ਰੱਖੀ ਗਈ ਹੈ ਜਦਕਿ ਹੋਰ ਸਾਰੇ ਸ਼ਰਬਤ 55 ਰੁਪਏ ਪ੍ਰਤੀ ਬੋਤਲ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਹ ਕੀਮਤ ਬਜ਼ਾਰ ਦੇ ਰੇਟ ਨਾਲੋਂ ਕਾਫ਼ੀ ਘੱਟ ਹਨ ਅਤੇ ਕੁਆਲਿਟੀ ਪੱਖੋਂ ਵੀ ਇਹ ਸ਼ਰਬਤ ਬਹੁਤ ਅੱਛੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਸ਼ਰਬਤ, ਆਚਾਰ, ਚਟਨੀ, ਮੁਰੱਬਾ ਆਦਿ ਬਣਾਉਣ ਦੀ ਟ੍ਰੇਨਿੰਗ ਲੈਣੀ ਹੋਵੇ ਤਾਂ ਉਹ ਵੀ ਬਾਰਾਂਦਰੀ ਬਾਗ, ਪਟਿਆਲਾ ਵਿਖੇ ਮੁਹੱਈਆ ਕੀਤੀ ਜਾਂਦੀ ਹੈ।
ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਵਪਾਰਕ ਪੱਧਰ ਤੇ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦਾ ਕੰਮ ਕਰਨਾ ਹੋਵੇ ਤਾਂ ਉਸ ਨੂੰ ਕੌਮੀ ਬਾਗਬਾਨੀ ਮਿਸ਼ਨ ਅਧੀਨ 35 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਲਈ ਜ਼ਿਮੀਂਦਾਰ ਭਰਾ ਜ਼ਿਲ੍ਹਾ ਪੱਧਰੀ ‘ਤੇ ਡਿਪਟੀ ਡਾਇਰੈਕਟਰ ਬਾਗਬਾਨੀ/ਸਹਾਇਕ ਡਾਇਰੈਕਟਰ ਬਾਗਬਾਨੀ, ਪਟਿਆਲਾ ਜਾਂ ਬਲਾਕ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।