ਲੈਪਰੋਸਕੋਪਿਕ ਆਪ੍ਰੇਸ਼ਨ ਦੀ ਸਹੂਲਤ ਵਾਲਾ ਜ਼ਿਲੇ ਦਾ ਪਹਿਲਾ ਸਰਕਾਰੀ ਹਸਪਤਾਲ ਬਣਿਆ ਸਬ ਡਿਵੀਜ਼ਨਲ ਹਸਪਤਾਲ ਤਪਾ: ਡਾ. ਔਲਖ
ਤਪਾ/ਬਰਨਾਲਾ, 5 ਜੂਨ 2021
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਯਤਨਾਂ ਨਾਲ ਆਈ ਨਵੀਂ ਮਸੀਨ ਨਾਲ ਸਬ ਡਿਵੀਜ਼ਨਲ ਹਸਪਤਾਲ ਤਪਾ ਵਿਖੇ ਦੂਰਬੀਨ ਰਾਹੀਂ ਪਹਿਲਾ ਆਪ੍ਰੇਸ਼ਨ ਸਫਲਤਾਪੂਰਵਕ ਕੀਤਾ ਗਿਆ ਹੈ।
ਸਰਜਰੀ ਮਾਹਿਰ ਡਾ. ਗੁਰਪ੍ਰੀਤ ਸਿੰਘ ਮਾਹਲ ਵੱਲੋਂ ਪਿੰਡ ਤਾਜੋਕੇ ਦੇ ਇਕ ਮਰੀਜ਼ ਦੇ ਪਿੱਤੇ ਦਾ ਇਹ ਆਪ੍ਰੇਸ਼ਨ ਕੀਤਾ ਗਿਆ ਹੈ। ਲੈਪਰੋਸਕੋਪਿਕ ਮਸ਼ੀਨ ਦਾ ਰਸਮੀਂ ਉਦਘਾਟਨ ਕਰਨ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਲੋਂ ਸਬ ਡਿਵੀਜ਼ਨਲ ਹਸਪਤਾਲ ਤਪਾ ਵਿਖੇ ਡਾਇਲਸਿਸ ਯੂਨਿਟ ਅਤੇ ਬਲੱਡ ਸਟੋਰੇਜ ਯੂਨਿਟ ਦੀ ਸ਼ੁਰੂਆਤ ਤੋਂ ਬਾਅਦ ਤਪਾ ਹਸਪਤਾਲ ਲੈਪਰੋਸਕੋਪਿਕ ਆਪ੍ਰੇਸ਼ਨ ਦੀ ਸਹੂਲਤ ਵਾਲਾ ਬਰਨਾਲਾ ਜ਼ਿਲੇ ਦਾ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ।
ਡਾ. ਜਸਬੀਰ ਸਿੰਘ ਔਲਖ ਨੇ ਹਸਪਤਾਲ ਪਹੁੰਚ ਕੇ ਮਰੀਜ਼ ਦਾ ਹਾਲਚਾਲ ਜਾਣਿਆ ਅਤੇ ਉਸਨੂੰ ਡਿਸਚਾਰਜ ਸਲਿਪ ਵੀ ਸੌਂਪੀ। ਡਾ. ਔਲਖ ਨੇ ਸਰਜਰੀ ਮਾਹਿਰ ਡਾ. ਗੁਰਪ੍ਰੀਤ ਸਿੰਘ ਮਾਹਲ ਤੇ ਉਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ ਜਿਨਾਂ ਦੂਰਬੀਨ ਰਾਹੀਂ ਪਹਿਲਾ ਸਫਲ ਆਪ੍ਰੇਸ਼ਨ ਕਰਕੇ ਇਹ ਸ਼ੁਰੂਆਤ ਕੀਤੀ ਹੈ। ਡਾ. ਔਲਖ ਨੇ ਦੱਸਿਆ ਕਿ ਸਬ ਡਿਵੀਜ਼ਨਲ ਹਸਪਤਾਲ ਤਪਾ ਵਿਖੇ ਮਾਈ ਦੌਲਤਾਂ ਜੀ ਨੂੰ ਸਮਰਪਿਤ 20 ਬੈਡਾਂ ਦੀ ਸਹੂਲਤ ਵਾਲਾ ਜ਼ੱਚਾ-ਬੱਚਾ ਹਸਪਤਾਲ, ਕਨਟੀਨ ਤੇ ਮੌਰਚਰੀ ਦੀ ਉਸਾਰੀ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਮਾਹਲ, ਡਾ. ਸਤਿੰਦਰਪਾਲ ਸਿੰਘ ਬੁੱਟਰ, ਡਾ. ਖੁਸਦੀਪ ਗੋਇਲ, ਡਾ. ਗੁਰਸਿਮਰਨਜੀਤ ਸਿੰਘ, ਡਾ. ਸ਼ਿਖਾ ਅਗਰਵਾਲ, ਡਾ. ਸੀਤਲ ਬਾਂਸਲ, ਡਾ. ਗੁਰਪ੍ਰੀਤ ਕੌਰ ਧਾਲੀਵਾਲ, ਨਰਸਿੰਗ ਸਿਸਟਰ ਸੁਰਿੰਦਰ ਕੌਰ, ਸੀਨੀਅਰ ਫਾਰਮੇਸੀ ਅਫਸਰ ਭਾਰਤ ਭੂਸ਼ਨ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਤੇ ਸਮੁੱਚਾ ਸਟਾਫ ਮੌਜੂਦ ਸੀ।