ਬਟਾਲਾ ਦੇ ਓਟ ਕੇਂਦਰ ਨੇ ਸੈਂਕੜੇ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ’ਚੋਂ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਨਸ਼ਾ ਇੱਕ ਮਾਨਸਿਕ ਬਿਮਾਰੀ, ਸਹੀ ਇਲਾਜ ਨਾਲ ਇਸਤੋਂ ਛੁਟਕਾਰਾ ਪਾਇਆ ਜਾ ਸਕਦਾ – ਡਾ. ਜਸਕਰਨ ਸਿੰਘ
ਬਟਾਲਾ, 24 ਜੂਨ 2021 ਪੰਜਾਬ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ ਨਸ਼ਾ ਵਿਰੋਧੀ ਮੁਹਿੰਮ ਦੇ ਬਟਾਲਾ ਸ਼ਹਿਰ ਵਿੱਚ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲੇ ਹਨ। ਪੰਜਾਬ ਸਰਕਾਰ ਵੱਲੋਂ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਵਿੱਚ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਨੇ ਨਸ਼ੇ ਦੀ ਆਦਤ ਦੇ ਸ਼ਿਕਾਰ ਸੈਂਕੜੇ ਵਿਅਕਤੀਆਂ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ ਹੈ।
ਓਟ ਕੇਂਦਰ ਬਟਾਲਾ ਦੇ ਇੰਚਾਰਜ ਦੇ ਡਾ. ਜਸਕਰਨ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਦੇ ਓਟ ਕੇਂਦਰ ਵਿੱਚ ਹੁਣ ਤੱਕ 3469 ਨਸ਼ਾ ਕਰਨ ਵਾਲੇ ਵਿਅਕਤੀਆਂ ਨੇ ਆਪਣਾ ਨਾਮ ਇਲਾਜ ਲਈ ਰਜਿਸਟਰਡ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਸਾਰੇ ਹੀ ਮਰੀਜ਼ਾਂ ਦੇ ਨਸ਼ੇ ਛੁਡਾਉਣ ਲਈ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਅਤੇ ਸੈਂਕੜੇ ਨੌਜਵਾਨ ਨਸ਼ੇ ਛੱਡ ਕੇ ਤੰਦਰੁਸਤ ਤੇ ਖੁਸ਼ਹਾਲ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜੇ ਵੀ ਓਟ ਕੇਂਦਰ ਵਿੱਚ 657 ਮਰੀਜ਼ ਨਸ਼ੇ ਛੱਡਣ ਦਾ ਇਲਾਜ ਕਰਵਾ ਰਹੇ ਹਨ ਅਤੇ ਇਨ੍ਹਾਂ ਵਿਚੋਂ ਵੀ ਬਹੁਤੇ ਮਰੀਜ਼ ਠੀਕ ਹੋਣ ਦੇ ਨੇੜੇ ਹਨ।
ਡਾ. ਜਸਕਰਨ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਉਨ੍ਹਾਂ ਦੀ ਮਾਹਿਰਾਂ ਵੱਲੋਂ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਮਾਨਸਿਕ ਤੌਰ ’ਤੇ ਵੀ ਮਰੀਜ਼ ਨੂੰ ਨਸ਼ਾ ਛੱਡਣ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਓ.ਪੀ.ਡੀ. ਰਾਹੀਂ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਰੈਗੂਲਰ ਤੌਰ ’ਤੇ ਉਨ੍ਹਾਂ ਉੱਪਰ ਪੂਰੀ ਨਜ਼ਰ ਰੱਖੀ ਜਾਂਦੀ ਹੈ। ਡਾ. ਜਸਕਰਨ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਨਹੀਂ ਰੋਕਿਆ ਗਿਆ ਅਤੇ ਰੈਗੂਲਰ ਤੌਰ ’ਤੇ ਇਨ੍ਹਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਨਸ਼ੇ ਤੋਂ ਛੁਟਕਾਰਾ ਪਾ ਚੁੱਕੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ।
ਡਾ. ਜਸਕਰਨ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਅਤੇ ਸਹੀ ਇਲਾਜ ਕਰਾ ਕੇ ਇਸਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ੇ ਉੱਪਰ ਲੱਗ ਗਿਆ ਹੈ ਤਾਂ ਉਹ ਨਿਰਸੰਕੋਚ ਸਿਵਲ ਹਸਪਤਾਲ ਬਟਾਲਾ ਵਿਖੇ ਚੱਲ ਰਹੇ ਓਟ ਕੇਂਦਰ ਵਿੱਚ ਇਲਾਜ ਲਈ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਇਲਾਜ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਸਹਿਜੇ ਹੀ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Spread the love