ਰਾਏਸਰ ਸਕੂਲ ਦੀ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਤੇ ਪੰਚਾਇਤ ਵੱਲੋਂ ਸਨਮਾਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ, 25 ਜੂਨ 2021
ਕੌਮੀ ਪ੍ਰਤਿਭਾ ਖੋਜ਼ ਵਜ਼ੀਫ਼ਾ ਪ੍ਰੀਖਿਆ ਦੇ ਪਹਿਲੇ ਪੱਧਰ ‘ਚੋਂ ਸਫ਼ਲਤਾ ਹਾਸਿਲ ਕਰਨ ਵਾਲੀ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਦੀ ਵਿਦਿਆਰਥਣ ਪੀਨਾ ਬੇਗਮ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਦੇ ਆਦੇਸ਼ਾਂ ਅਨੁਸਾਰ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਿਦਿਆਰਥਣ ਦੇ ਸਨਮਾਨ ਲਈ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚੇ। ਵਿਦਿਆਰਥਣ ਦੇ ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਕੌਮੀ ਪ੍ਰਤਿਭਾ ਖੋਜ਼ ਵਜੀਫ਼ਾ ਪ੍ਰੀਖਿਆ ਮੁਲਕ ਦੀਆਂ ਵੱਕਾਰੀ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਇੱਕ ਅਜਿਹੀ ਪ੍ਰੀਖਿਆ ਹੈ, ਜਿਸ ਵਿੱਚੋ ਸਫ਼ਲਤਾ ਹਾਸਿਲ ਕਰਨ ਲਈ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦਾ ਡੂੰਘਾਈ ਵਿੱਚ ਗਿਆਨ ਹਾਸਿਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਪੱਧਰਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਦੇ ਪਹਿਲੇ ਪੱਧਰ ਵਿੱਚੋਂ ਸਫ਼ਲਤਾ ਹਾਸਲ ਕਰਕੇ ਵਿਦਿਆਰਥਣ ਵੱਲੋਂ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੱਧਰ ਦੇ ਟੈਸਟ ਦੀ ਤਿਆਰੀ ਕਰਵਾਉਣ ਵਾਂਗ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਦਿਆਰਥਣ ਦੀ ਦੂਜੇ ਪੱਧਰ ਦੀ ਵੀ ਤਿਆਰੀ ਕਰਵਾਈ ਜਾਵੇਗੀ।
ਪੰਚਾਇਤ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਨੇ ਕਿਹਾ ਕਿ ਵਿਦਿਆਰਥਣ ਵੱਲੋਂ ਇਹ ਪ੍ਰਾਪਤੀ ਕਰਨਾ ਉਨ੍ਹਾਂ ਦੇ ਸਕੂਲ ਅਤੇ ਪਿੰਡ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੂੰ ਦੂਜੇ ਪੱਧਰ ਦੀ ਪ੍ਰੀਖਿਆ ਦੀ ਤਿਆਰੀ ਲਈ ਹਰ ਪ੍ਰਕਾਰ ਦੀ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ ਨੇ ਵਿਦਿਆਰਥਣ ਦੇ ਉਚੇਚੇ ਸਨਮਾਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਇਸ ਸਨਮਾਨ ਨਾਲ ਕੇਵਲ ਵਿਦਿਆਰਥਣ ਦੇ ਉਤਸ਼ਾਹ ਵਿੱਚ ਇਜ਼ਾਫਾ ਹੋਵੇਗਾ ਸਗੋਂ ਸਕੂਲ ਸਟਾਫ਼ ਨੂੰ ਵੀ ਵਿਦਿਆਰਥਣ ਦੀ ਤਿਆਰੀ ਕਰਵਾਉਣ ਲਈ ਹੋਰ ਵਧੇਰੇ ਪ੍ਰੇਰਨਾ ਮਿਲੇਗੀ।
ਇਸ ਮੌਕੇ ਪੰਚ ਜਸਵੀਰ ਸਿੰਘ, ਸੇਵਕ ਸਿੰਘ ਪੰਚ, ਵਿਦਿਆਰਥਣ ਦੇ ਮਾਪੇ ਪਾਲੀ ਖਾਨ ਅਤੇ ਸੋਮਾ ਬੇਗਮ, ਕਮਲਦੀਪ ਜ਼ਿਲ੍ਹਾ ਮੈਂਟਰ ਗਣਿਤ, ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।
ਵਿਦਿਆਰਥਣ ਦਾ ਸਨਮਾਨ ਕਰਦੇ ਸਿੱਖਿਆ ਅਧਿਕਾਰੀ, ਪੰਚਾਇਤ ਅਤੇ ਸਕੂਲ ਸਟਾਫ਼।

Spread the love