ਸਾਰੇ ਕਾਲਜਾਂ ਦੇ ਸਟਾਫ ਮੈਂਬਰਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਆ
ਬਰਨਾਲਾ, 6 ਅਗਸਤ 2021
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵੱਲੋਂ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਖਾਤਮੇ ਲਈ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦੇ 21 ਪੌਲੀਟੈਕਨਿਕ ਅਤੇ ਫਾਰਮੇਸੀ ਕਾਲਜਾਂ ਦੀ ਜ਼ੂਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਰੇ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਨੋਡਲ ਅਫਸਰਾਂ ਨੇ ਭਾਗ ਲਿਆ।
ਇਸ ਮੀਟਿੰਗ ਦੀ ਸ਼ੁਰੂਆਤ ਜਗਦੀਪ ਸਿੰਘ ਸਿੱਧੂ, ਮੁਖੀ ਵਿਭਾਗ ਵਲੋਂ ਕੀਤੀ ਗਈ ਅਤੇ ਸਰਕਾਰ ਵਲੋਂ ਕੋਵਿਡ-19 ਦੇ ਸਬੰਧ ਵਿੱਚ ਜਾਰੀ ਕੀਤੀਆਂ ਹਦਾਇਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਾਲਜ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਸਾਰੇ ਪਿ੍ਰੰਸੀਪਲਾਂ ਅਤੇ ਨੋਡਲ ਅਫਸਰਾਂ ਨੂੰ ਕਿਹਾ ਕਿ ਆਪੋ-ਆਪਣੇ ਕਾਲਜਾਂ ਵਿੱਚ ਸਾਰੇ ਸਟਾਫ ਮੈਂਬਰਾਂ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਜੜੋਂ ਮੁਕਾਇਆ ਜਾ ਸਕੇ।
ਉਨਾਂ ਇਹ ਵੀ ਦੱਸਿਆ ਕਿ ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਵਿਭਾਗ ਵਲੋਂ ਵੀ ਟੀਕਾਕਰਣ ਸਬੰਧੀ ਹਰ ਰੋਜ਼ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜਿਨਾਂ ਕਾਲਜਾਂ ਦੇ 60 ਪ੍ਰਤੀਸ਼ਤ ਤੋਂ ਘੱਟ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਨੇ ਟੀਕਾ ਲਗਵਾਇਆ ਹੈ, ਉਨਾਂ ਨੂੰ ਲਾਲ ਜ਼ੋਨ, 60 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਪੀਲੇ ਜ਼ੋਨ ਅਤੇ 90 ਪ੍ਰਤੀਸ਼ਤ ਤੋਂ ਉਪਰ ਟੀਕਾ ਲਗਵਾਉਣ ਵਾਲੇ ਕਾਲਜਾਂ ਨੂੰ ਹਰੇ ਜ਼ੋਨ ਵਿੱਚ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਸ ਦਾ ਮਕਸਦ ਸਾਰੇ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਟੀਕਾਕਰਨ ਲਈ ਪ੍ਰੇਰਨਾ ਹੈ ਤਾਂ ਜੋ ਕਰੋਨਾ ਤੋਂ ਬਚਾਅ ਰਹੇ।