ਦਸੂਹਾ ਦੇ ਮੰਡ ਖੇਤਰ ’ਚੋਂ 12 ਹਜ਼ਾਰ ਕਿਲੋ ਲਾਹਣ, 100 ਲੀਟਰ ਨਜਾਇਜ਼ ਸ਼ਰਾਬ ਆਦਿ ਬਰਾਮਦ
25 ਅਗਸਤ ਤੱਕ 75 ਮਾਮਲੇ ਦਰਜ ਕਰਕੇ 62 ਗ੍ਰਿਫਤਾਰੀਆਂ ਅਤੇ 14170 ਕਿਲੋ ਲਾਹਣ, 624 ਲੀਟਰ ਨਜਾਇਜ਼ ਸ਼ਰਾਬ ਅਤੇ 1606 ਲੀਟਰ ਸ਼ਰਾਬ ਠੇਕਾ ਬਰਾਮਦ
ਹੁਸ਼ਿਆਰਪੁਰ, 26 ਅਗਸਤ :
ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਦਸੂਹਾ ਦੇ ਮੰਡ ਖੇਤਰ ਵਿੱਚ ਕਾਰਵਾਈ ਕਰਦਿਆਂ 12 ਹਜ਼ਾਰ ਕਿਲੋ ਲਾਹਣ, 100 ਲੀਟਰ ਨਜਾਇਜ਼ ਸ਼ਰਾਬ, 17 ਤਰਪਾਲਾਂ, 1 ਚਾਲੂ ਭੱਠੀ, 3 ਡਰੰਮ ਆਦਿ ਬਰਾਮਦ ਕੀਤਾ ਹੈ।
ਐਸ.ਪੀ. (ਜਾਂਚ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਨਜਾਇਜ਼ ਸ਼ਰਾਬ ਦੀ ਬਰਾਮਦਗੀ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਡੀ.ਐਸ.ਪੀ. ਦਸੂਹਾ ਅਨਿਲ ਕੁਮਾਰ ਭਨੋਟ ਅਤੇ ਐਕਸਾਈਜ ਟੀਮਾਂ ਵਲੋਂ ਕੀਤੀ ਸਾਂਝੀ ਕਾਰਵਾਈ ਹੇਠ ਮੰਡ ਖੇਤਰ ਵਿੱਚ ਰੇਡ ਕਰਕੇ ਉਕਤ ਬਰਾਮਦਗੀ ਕੀਤੀ ਗਈ। ਇਸ ਖੇਤਰ ਵਿੱਚ ਪਿੰਡ ਮੌਜਪੁਰ ਅਤੇ ਬੁੱਢਾਬਾਲਾ ਜੋ ਕਿ ਬਿਆਸ ਦਰਿਆ ਦੇ ਕੰਢੇ ’ਤੇ ਹਨ ਜਿਨ੍ਹਾਂ ਦੀ ਹੱਦ ਥਾਣਾ ਦਸੂਹਾ ਨਾਲ ਲੱਗਦੀ ਹੈ। ਇਨ੍ਹਾਂ ਪਿੰਡਾਂ ਦੇ ਕੁਝ ਅਨਸਰ ਸਰਕੰਡੇ ਅਤੇ ਝਾੜੀਆਂ ਨੂੰ ਨਜਾਇਜ਼ ਸ਼ਰਾਬ ਕੱਢਣ ਅਤੇ ਲੁਕਾਉਣ ਲਈ ਵਰਤਦੇ ਹਨ ਤਾਂ ਜੋ ਨਜਾਇਜ਼ ਸ਼ਰਾਬ ਦੀ ਸਪਲਾਈ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤੀ ਜਾ ਸਕੇ।
ਨਵਜੋਤ ਸਿੰਘ ਮਾਹਲ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਕਾਰਵਾਈ ਹੋਣ ਨਹੀਂ ਦਿੱਤੀ ਜਾਵੇਗੀ ਅਤੇ ਇਨ੍ਹਾਂ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 30 ਜੁਲਾਈ 2020 ਤੋਂ ਲੈ ਕੇ 25 ਅਗਸਤ ਤੱਕ ਜ਼ਿਲ੍ਹਾ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ 75 ਮੁਕੱਦਮੇ ਦਰਜ ਕਰਕੇ 62 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 624 ਲੀਟਰ ਨਜਾਇਜ਼ ਸ਼ਰਾਬ, 1606 ਲੀਟਰ ਸ਼ਰਾਬ ਠੇਕਾ ਅਤੇ 14170 ਕਿਲੋ ਲਾਹਣ ਬਰਾਮਦ ਕਰਨ ਦੇ ਨਾਲ-ਨਾਲ ਇਕ ਇਸ਼ਤਿਹਾਰੀ ਮੁਜਰਮ ਵੀ ਗ੍ਰਿਫਤਾਰ ਕੀਤਾ ਗਿਆ ਹੈ।